ਲਾਪਤਾ ਨੌਜਵਾਨ ਦੀ ਸ਼ੱਕੀ ਹਾਲਤ ''ਚ ਲਾਸ਼ ਮਿਲੀ
Tuesday, Apr 30, 2019 - 08:43 PM (IST)
ਰਾਜਪੁਰਾ, (ਨਿਰਦੋਸ਼, ਚਾਵਲਾ)— ਪਿੰਡ ਇਸਲਾਮਪੁਰ ਵਾਸੀ ਨੌਜਵਾਨ ਜੋ ਪਲੰਬਰ ਦਾ ਕੰਮ ਕਰਦਾ ਸੀ, ਕੱਲ ਦੁਪਹਿਰ ਤੋਂ ਲਾਪਤਾ ਸੀ। ਮੰਗਲਵਾਰ ਉਸ ਦੀ ਲਾਸ਼ ਮੁਕਤ ਸਕੂਲ ਦੇ ਪਿੱਛੇ ਪੁਰਾਣੇ ਖੂਹ ਦੇ ਨਾਲ ਰੁੱਖ ਹੇਠੋਂ ਮਿਲੀ। ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਉਸ ਦੇ ਤਾਏ ਦੇ ਮੁੰਡੇ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਮ੍ਰਿਤਕ ਦੇ ਪਿਤਾ ਪਿੰਡ ਇਸਲਾਮਪੁਰ ਵਾਸੀ ਰਘੁਵੀਰ ਸਿੰਘ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਬੇਟੇ ਪਲਵਿੰਦਰ ਸਿੰਘ (33) ਤੇ ਗੁਰਸੇਵਕ ਸਿੰਘ ਦੋਵੇਂ ਸੋਮਵਾਰ ਕਿਸੇ ਦੇ ਘਰ ਕੰਮ ਕਰ ਰਹੇ ਸਨ। ਦੁਪਹਿਰ 2 ਵਜੇ ਪਲਵਿੰਦਰ ਸਿੰਘ ਬਿਨਾਂ ਦੱਸੇ ਕਿਤੇ ਚਲਾ ਗਿਆ। ਬਾਅਦ ਵਿਚ ਉਸ ਦਾ ਫੋਨ ਵੀ ਬੰਦ ਹੋ ਗਿਆ। ਮੰਗਲਵਾਰ ਸਵੇਰੇ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਪਲਵਿੰਦਰ ਸਿੰਘ ਦੀ ਲਾਸ਼ ਮੁਕਤ ਸਕੂਲ ਦੇ ਪਿੱਛੇ ਪੁਰਾਣੇ ਖੂਹ ਕੋਲ ਇਕ ਦਰੱਖਤ ਹੇਠ ਪਈ ਹੈ। ਉਸ ਦੇ ਗਲ 'ਚ ਟੁੱਟੀ ਹੋਈ ਬੈਲਟ ਵੀ ਹੈ। ਲਗਦਾ ਹੈ ਕਿ ਪਲਵਿੰਦਰ ਸਿੰਘ ਦੀ ਲਾਸ਼ ਨੂੰ ਰੁੱਖ ਨਾਲ ਲਟਕਾਇਆ ਗਿਆ ਹੈ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਘੁਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਗੁਰਸੇਵਕ ਸਿੰਘ ਨੇ ਆਪਣੇ ਤਾਏ ਦੇ ਲੜਕੇ ਹਰਜੀਤ ਸਿੰਘ ਨੂੰ ਫੋਨ 'ਤੇ ਦੱਸਿਆ ਸੀ ਕਿ ਉਸ ਦੀ ਪਤਨੀ ਦਾ ਚਾਲ-ਚਲਣ ਠੀਕ ਨਹੀਂ ਹੈ। ਜਦੋਂ ਇਸ ਗੱਲ ਦਾ ਉਸ ਦੇ ਛੋਟੇ ਲੜਕੇ ਪਲਵਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਤਾਏ ਦੇ ਲੜਕੇ ਨੂੰ ਕਿਹਾ ਕਿ ਉਹ ਆਪਣੀ ਪਤਨੀ ਨੂੰ ਖੇਤਾਂ 'ਚ ਕੰਮ ਕਰਨ ਲਈ ਨਾ ਭੇਜਿਆ ਕਰ। ਉਸ ਦੀ ਪਤਨੀ ਵੱਲੋਂ ਉਲਟਾ ਪਲਵਿੰਦਰ ਸਿੰਘ 'ਤੇ ਹੀ ਇਲਜ਼ਾਮ ਲਾਇਆ ਗਿਆ। ਇਸ ਗੱਲ ਨੂੰ ਲੈ ਕੇ ਹਰਜੀਤ ਸਿੰਘ ਉਸ ਦੇ ਬੇਟੇ ਪਲਵਿੰਦਰ ਸਿੰਘ ਦੇ ਨਾਲ ਰੰਜਸ਼ ਰੱਖਣ ਲੱਗਾ।
ਮ੍ਰਿਤਕ ਦੇ ਪਿਤਾ ਮੁਤਾਬਕ ਉਸ ਦੇ ਮੁੰਡੇ ਦੀ ਹੱਤਿਆ ਹਰਜੀਤ ਸਿੰਘ ਨੇ ਕੀਤੀ ਹੈ। ਕੱਲ ਇਕ ਰਿਸ਼ਤੇਦਾਰ ਨੂੰ ਵੀ ਹਰਜੀਤ ਸਿੰਘ ਦਾ ਫ਼ੋਨ ਗਿਆ ਕਿ ਉਸ ਨੇ ਪਲਵਿੰਦਰ ਸਿੰਘ ਨੂੰ 'ਗੱਡੀ' ਚੜ੍ਹਾ ਦਿੱਤਾ ਹੈ। ਪਤਾ ਲੱਗਾ ਹੈ ਕਿ ਪੁਲਸ ਦੀ ਢਿੱਲੀ ਕਾਰਵਾਈ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਹਸਪਤਾਲ 'ਚ ਨਾਅਰੇਬਾਜ਼ੀ ਵੀ ਕੀਤੀ। ਐੱਸ. ਐੱਚ. ਓ. ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ ਦੇਣ ਦੇ ਬਾਅਦ ਇਹ ਲੋਕ ਸ਼ਾਂਤ ਹੋਏ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਹਰਜੀਤ ਸਿੰਘ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਹਰਜੀਤ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।