ਕਰਫ਼ਿਊ ਪਾਸ ਹੋਣ ਦੇ ਬਾਵਜੂਦ ਏ. ਡੀ. ਸੀ. ਦੇ ਕਰਮਚਾਰੀ ਨੂੰ ਪੁਲਸ ਨੇ ਚਾੜ੍ਹਿਆ ਕੁਟਾਪਾ
Thursday, Mar 26, 2020 - 10:30 AM (IST)
ਪਟਿਆਲਾ,ਬਾਰਨ (ਇੰਦਰ): ਕਰਫਿਊ ਲੋਕਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਕਈ ਸਿਰਫਿਰੇ ਲੋਕ ਕਰਫਿਊ ਦੀ ਉਲੰਘਣਾ ਕਰ ਕੇ ਦੂਜਿਆਂ ਲਈ ਖਤਰਾ ਬਣ ਰਹੇ ਹਨ। ਆਮ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਰਹੇ ਹਨ। ਖਮਿਆਜ਼ਾ ਲੋਕ ਭੁਗਤ ਰਹੇ ਹਨ। ਪੁਲਸ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਰੋਕਣ ਲਈ ਡੰਡੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਕਈ ਪੁਲਸ ਕਰਮਚਾਰੀ ਬਿਨਾਂ ਸੁਣੇ ਡੰਡੇ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਦਾ ਮਾਮਲਾ ਉਸ ਸਮੇਂ ਤ੍ਰਿਪੜੀ ਬਜ਼ਾਰ ਵਿਚ ਦੇਖਣ ਨੂੰ ਮਿਲਿਆ ਜਦੋਂ ਪੁਲਸ ਨੇ ਏ. ਡੀ. ਸੀ. (ਜਨਰਲ) ਦੇ ਕਰਮਚਾਰੀ ਨੂੰ ਹੀ ਡਿਊਟੀ ਦੌਰਾਨ ਕੁਟਾਪਾ ਚਾੜ੍ਹ ਦਿੱਤਾ। ਕਰਮਚਾਰੀ ਕੋਲ ਕਰਫਿਊ ਪਾਸ ਵੀ ਸੀ। ਪੁਲਸ ਨੇ ਕਰਮਚਾਰੀ ਦੀ ਇਕ ਨਹੀਂ ਸੁਣੀ।
ਇਹ ਵੀ ਪੜ੍ਹੋ: ਇਸ ਹਾਲਾਤ 'ਚ ਭਗਵਾਨ ਅਤੇ ਵਿਗਿਆਨ ਹੀ ਸਾਡਾ ਸਹਾਰਾ : ਗੁਰਪ੍ਰੀਤ ਘੁੱਗੀ
ਘਟਨਾ ਸਬੰਧੀ ਕਰਮਚਾਰੀ ਰਣਵੀਰ ਸਿੰਘ ਵਾਸੀ ਅਬਲੋਵਾਲ ਨੇ ਦੱਸਿਆ ਕਿ ਉਹ ਏ. ਡੀ. ਸੀ. ਸਾਹਿਬ ਦੇ ਦਫ਼ਤਰੋਂ ਘਰ ਨੂੰ ਜਾ ਰਿਹਾ ਸੀ। ਜਿਉਂ ਹੀ ਉਹ ਤ੍ਰਿਪੜੀ ਬਜ਼ਾਰ ਨੇੜੇ ਪਹੁੰਚਿਆ ਤਾਂ ਉਸ ਨੂੰ ਪੁਲਸ ਨੇ ਰੋਕ ਲਿਆ ਅਤੇ ਪੁੱਛਿਆ ਕਿੱਥੋਂ ਆ ਰਿਹਾ ਹੈ? ਕਿੱਥੇ ਜਾ ਰਿਹਾ ਹੈ? ਮੈਂ ਕਿਹਾ ਕਿ ਏ. ਡੀ. ਸੀ. ਸਾਹਿਬ ਦੇ ਦਫ਼ਤਰੋਂ ਕੰਮ ਮੁਕਾ ਕੇ ਘਰ ਜਾ ਰਿਹਾ ਹਾਂ। ਐਨਾ ਸੁਣਨ ਦੀ ਦੇਰ ਸੀ ਕਿ ਪੁਲਸ ਨੇ ਮੇਰੀਆਂ ਲੱਤਾਂ 'ਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਮੈਨੂੰ ਸਾਈਕਲ ਚਲਾਉਣਾ ਵੀ ਮੁਸ਼ਕਲ ਹੋ ਗਿਆ। ਮੈਂ ਤੁਰੰਤ ਫਿਰ ਏ. ਡੀ. ਸੀ. ਸਾਹਿਬ ਦੇ ਦਫ਼ਤਰ ਆਇਆ। ਉਨ੍ਹਾਂ ਨੂੰ ਸਾਰੀ ਕਹਾਣੀ ਦੱਸੀ। ਸਾਹਿਬ ਨੇ ਤੁਰੰਤ ਮੈਨੂੰ ਆਪਣੀ ਗੱਡੀ ਵਿਚ ਡਰਾਈਵਰ ਨਾਲ ਘਰ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਗੱਲ ਕਰਨਗੇ।
ਇਹ ਵੀ ਪੜ੍ਹੋ: ਮੋਗਾ: ਕਰਫਿਊ ਨੇ ਠੰਢੇ ਪਾਏ ਗਰੀਬਾਂ ਦੇ ਚੁੱਲ੍ਹੇ