ਰਜਬਾਹੇ ''ਚ ਪਏ ਪਾੜ ਨੇ ਵਧਾਈ ਕਿਸਾਨਾਂ ਦੀ ਚਿੰਤਾ, 200 ਏਕੜ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ

Thursday, Mar 02, 2023 - 12:01 PM (IST)

ਰਜਬਾਹੇ ''ਚ ਪਏ ਪਾੜ ਨੇ ਵਧਾਈ ਕਿਸਾਨਾਂ ਦੀ ਚਿੰਤਾ, 200 ਏਕੜ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ

ਤਲਵੰਡੀ ਸਾਬੋ (ਮੁਨੀਸ਼) : ਨੇੜਲੇ ਪਿੰਡ ਜੱਗਾ ਰਾਮ ਤੀਰਥ ਕੋਲ ਦੀ ਲੰਘਦੇ ਰਜਬਾਹੇ ’ਚ ਬੀਤੀ ਅੱਧੀ ਰਾਤ ਤੋਂ ਬਾਅਦ ਪਏ ਪਾੜ ਕਾਰਨ ਖੇਤਾਂ ’ਚ ਪਾਣੀ ਭਰਨ ਨਾਲ ਕਰੀਬ 200 ਏਕੜ ਫ਼ਸਲ ਦੇ ਨੁਕਸਾਨ ਹੋਣ ਦਾ ਖਦਸ਼ਾ ਬਣ ਗਿਆ ਹੈ, ਜਿਸ ਨੂੰ ਦੇਖਦਿਆਂ ਪਿੰਡ ਵਾਸੀਆਂ ਨੇ ਪੀੜਤ ਕਿਸਾਨਾਂ ਲਈ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ ਦੇ ਦੱਸਣ ਮੁਤਾਬਕ ਜੱਗਾ ਰਾਮ ਤੀਰਥ ਕੋਲ ਦੀ ਲੰਘਦੇ ਰਜਬਾਹੇ ਵਿਚ ਰਾਤ ਕਰੀਬ 1 ਵਜੇ ਪਾੜ ਪੈ ਗਿਆ, ਜੋ ਸਵੇਰ ਤੱਕ ਵਧ ਕੇ 100 ਫੁੱਟ ਦੇ ਕਰੀਬ ਪੁੱਜ ਗਿਆ, ਜਿਸ ਨਾਲ ਵੱਡੀ ਮਾਤਰਾ ’ਚ ਪਾਣੀ ਖੇਤਾਂ ਵਿਚ ਵੜ ਗਿਆ। ਕਿਸਾਨਾਂ ਮੁਤਾਬਕ ਪਾੜ ਦਾ ਸਵੇਰੇ ਪਤਾ ਲੱਗਾ ਅਤੇ ਉਨ੍ਹਾਂ ਨੇ ਆਪਣੇ ਪੱਧਰ ’ਤੇ ਪਾੜ ਪੂਰਨ ਦੇ ਯਤਨ ਆਰੰਭ ਦਿੱਤੇ। 

ਇਹ ਵੀ ਪੜ੍ਹੋ- ਅਜਨਾਲਾ ਹਿੰਸਾ 'ਤੇ ਰਾਜਾ ਵੜਿੰਗ ਨੇ DGP ਨੂੰ ਲਿਖੀ ਚਿੱਠੀ, ਅੰਮ੍ਰਿਤਪਾਲ ਸਿੰਘ 'ਤੇ ਲਾਏ ਵੱਡੇ ਇਲਜ਼ਾਮ

ਪ੍ਰਭਾਵਿਤ ਕਿਸਾਨਾਂ ਸ਼ਮੀਰਾ ਸਿੰਘ ਚੋਟੀਆ, ਗੁਰਦੀਪ ਸਿੰਘ ਸੋਨੀਭਗਤ ਅਤੇ ਸੰਧੂਰਾ ਸਿੰਘ ਚੋਟੀਆ ਦੇ ਦੱਸਣ ਮੁਤਾਬਕ ਪਾੜ ਕਾਰਨ ਕਰੀਬ ਪੌਣੇ ਦੋ ਸੌ ਏਕੜ ਕਣਕ ਦੀ ਫ਼ਸਲ ਅਤੇ ਕੁਝ ਕੁ ਏਕੜ ਸਰ੍ਹੋਂ ਦੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਕਈ ਖੇਤਾਂ ਵਿਚ ਤਿੰਨ-ਤਿੰਨ ਫੁੱਟ ਤੱਕ ਪਾਣੀ ਖੜ੍ਹ ਗਿਆ ਹੈ। 

ਇਹ ਵੀ ਪੜ੍ਹੋ- ਅਜਨਾਲਾ ਹਿੰਸਾ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਕਦਮ, ਬਣਾਈ ਸਬ-ਕਮੇਟੀ

ਕੁਝ ਕਿਸਾਨਾਂ ਮੁਤਾਬਕ ਪਾੜ ਪੈਣ ਦੇ 12 ਘੰਟਿਆਂ ਬਾਅਦ ਵੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਅਤੇ ਉਹ ਆਪਣੇ ਪੱਧਰ ’ਤੇ ਪਾੜ ਪੂਰਨ ’ਚ ਲੱਗੇ ਰਹੇ, ਉਥੇ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਮਹਿਕਮੇ ਵੱਲੋਂ ਕੁਝ ਮੁਲਾਜ਼ਮ ਭੇਜ ਦਿੱਤੇ ਗਏ ਸਨ, ਜਿਨ੍ਹਾਂ ਨੇ ਜੇ. ਸੀ. ਬੀ. ਵੀ ਥਰਮਲ ਪਲਾਂਟ ਬਣਾਂਵਾਲੀ ’ਚੋਂ ਮੰਗਵਾ ਲਈ ਸੀ ਸਾਰਿਆਂ ਦੇ ਸਹਿਯੋਗ ਨਾਲ ਪਾੜ ਪੂਰ ਲਿਆ ਗਿਆ। ਉੱਧਰ ਮੋਹਤਬਰ ਆਗੂ ਗੁਰਪ੍ਰੀਤ ਸਿੰਘ ਚੋਟੀਆ, ਸੁਰਜੀਤ ਸ਼ਿੰਦੀ,ਗੁਰਪ੍ਰੀਤ ਸਿੰਘ ਆਧੀ ਜ਼ੋਨ ਇੰਚਾਰਜ ਯੂਥ ਅਕਾਲੀ ਦਲ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਖੇਤਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News