2 ਮਹੀਨਿਆਂ ਤੋਂ ਸ਼ਮਸਾਨਘਾਟ ''ਚ ਪਏ ਵਿਅਕਤੀ ਨੂੰ ''ਜਗ ਬਾਣੀ'' ਦੀ ਟੀਮ ਨੇ ਹਸਪਤਾਲ ਪਹੁੰਚਾਇਆ

7/11/2020 11:55:31 AM

ਤਲਵੰਡੀ ਭਾਈ (ਗੁਲਾਟੀ): ਪਿੰਡ ਸਾਧੂਵਾਲਾ 'ਚ 2 ਮਹੀਨਿਆਂ ਤੋਂ ਸ਼ਮਸਾਨਘਾਟ 'ਚ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਇਕ ਵਿਅਕਤੀ ਨੂੰ 'ਜਗ ਬਾਣੀ' ਦੀ ਟੀਮ ਨੇ ਸਮਾਜ-ਸੇਵੀ ਸੰਸਥਾਵਾਂ ਦੀ ਮਦਦ ਨਾਲ ਬਿਰਧ ਆਸ਼ਰਮ ਪਹੁੰਚਾਇਆ ਗਿਆ। 'ਜਗ ਬਾਣੀ' ਦੀ ਟੀਮ ਵਲੋਂ ਇਸ ਵਿਅਕਤੀ ਸਬੰਧੀ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਵੈੱਲਫੇਅਰ ਸੋਸਾਇਟੀ ਵਾੜਾ ਜਵਾਹਰ ਸਿੰਘ ਵਾਲਾ ਪ੍ਰਧਾਨ ਜਸਵਿੰਦਰ ਸਿੰਘ ਦੇ ਧਿਆਨ 'ਚ ਇਹ ਮਾਮਲਾ ਲੈ ਕੇ ਆਂਦਾ। ਜਿਨ੍ਹਾਂ ਨੇ ਟੀਮ ਨਾਲ ਜਾ ਕੇ ਵੇਖਿਆ ਕਿ ਪਿੰਡ ਸਾਧੂਵਾਲਾ ਸ਼ਮਸਾਨਘਾਟ 'ਚ ਇਕ ਵਿਅਕਤੀ ਪਿਛਲੇ 2 ਮਹੀਨਿਆਂ ਤੋਂ ਬੜੀ ਮਾੜੀ ਹਾਲਤ 'ਚ ਲੰਮਾ ਪਿਆ ਸੀ, ਜਿਸਦਾ ਸਰੀਰ ਇੰਨਾ ਜ਼ਿਆਦਾ ਕਮਜ਼ੋਰ ਹੋ ਗਿਆ ਸੀ ਕਿ ਉਹ ਉੱਠ ਕੇ ਬੈਠ ਵੀ ਨਹੀਂ ਸਕਦਾ ਸੀ। ਜਿਸਨੇ ਆਪਣਾ ਨਾਂ ਨੀਲਾ ਵਾਸੀ ਧੂੜਕੋੜ ਦੱਸਿਆ।

ਜਦੋਂ ਇਸ ਵਿਅਕਤੀ ਬਾਰੇ ਪਿੰਡ ਦੇ ਕੁਝ ਲੋਕਾਂ ਤੋਂ ਜਾਣਕਾਰੀ ਇਕੱਤਰ ਕੀਤੀ ਤਾਂ ਪਤਾ ਲੱਗਾ ਕਿ ਇਹ ਵਿਅਕਤੀ ਪਿਛਲੇ 8-10 ਸਾਲਾਂ ਤੋਂ ਇਸ ਪਿੰਡ 'ਚ ਹੀ ਰਹਿ ਰਿਹਾ ਹੈ। ਪਿੰਡ 'ਚ ਹੀ ਦਿਹਾੜੀ ਵਗੈਰਾ ਕਰ ਕੇ ਜਾਂ ਮੰਗ ਕੇ ਰੋਟੀ-ਪਾਣੀ ਖਾ ਰਿਹਾ ਸੀ। ਤਾਲਾਬੰਦੀ ਕਰ ਕੇ ਲੋਕਾਂ ਦੇ ਘਰਾਂ ਦੇ ਦਰਵਾਜੇ ਬੰਦ ਹੋਣ ਕਰ ਕੇ ਇਹ ਵਿਅਕਤੀ ਸ਼ਮਸਾਨਘਾਟ 'ਚ ਪਿਛਲੇ ਲੰਮੇਂ ਸਮੇਂ ਤੋਂ ਪਿਆ ਸੀ, ਜੋ ਸਰੀਰਕ ਤੌਰ 'ਤੇ ਹੱਦੋਂ ਵੱਧ ਕਮਜ਼ੋਰ ਹੋ ਗਿਆ। ਜਦੋਂ ਇਸ ਸਬੰਧੀ ਪਿੰਡ ਦੇ ਕੁਝ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸੰਪਰਕ 'ਜਗ ਬਾਣੀ' ਟੀਮ ਨਾਲ ਕੀਤਾ, ਜਿਨ੍ਹਾਂ ਨੇ ਇਹ ਮਾਮਲਾ ਸੋਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਧਿਆਨ 'ਚ ਲਿਆਦਾ। ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਮੋਗਾ ਦੀ ਇਕ ਬਿਰਧ ਆਸ਼ਰਮ ਸੋਸਾਇਟੀ ਦੇ ਹਵਾਲੇ ਕਰ ਦਿੱਤਾ। ਸੋਸਾਇਟੀ ਨੀਲਾ ਸਿੰਘ ਨੂੰ ਮੋਗਾ ਦੇ ਇਕ ਹਸਪਤਾਲ ਲੈ ਗਈ।


Shyna

Content Editor Shyna