ਕੌਂਸਲਰਾਂ ਨੇ ਮਾਨਸਾ ਦੀ ਡੀ. ਸੀ. ਖਿਲਾਫ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
Saturday, Apr 06, 2019 - 10:55 PM (IST)
ਚੰਡੀਗੜ੍ਹ,(ਭੁੱਲਰ): ਮਾਨਸਾ ਸ਼ਹਿਰ ਦੀ ਨਗਰ ਕੌਂਸਲ ਨਾਲ ਸਬੰਧਤ ਅਕਾਲੀ ਦਲ, ਕਾਂਗਰਸ ਤੇ ਹੋਰ ਵੱਖ-ਵੱਖ ਦਲਾਂ ਨਾਲ ਸਬੰਧਤ ਕੌਂਸਲਰਾਂ ਨੇ ਮਾਨਸਾ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਤੇ ਹੋਰ ਕਈ ਅਧਿਕਾਰੀਆਂ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲਾਉਂਦਿਆਂ ਪਾਰਕ ਦੇ ਨਿਰਮਾਣ ਦਾ ਕੰਮ ਕਰਵਾਉਣ ਦੀ ਸ਼ਿਕਾਇਤ ਕੀਤੀ ਹੈ। ਇਸ ਸਬੰਧੀ ਅੱਜ ਇਥੇ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੰਦਿਆਂ ਮਾਨਸਾ ਦੇ ਨਗਰ ਕੌਂਸਲਰਾਂ ਅਨਿਲ ਕੁਮਾਰ ਜੋਨੀ, ਪ੍ਰੇਮ ਸਾਗਰ ਭੋਲਾ, ਮਨਜੀਤ ਸਿੰਘ ਮੀਤਾ, ਮੁਕੰਦ ਸਿੰਘ, ਬਿੰਦਰ ਸਿੰਘ, ਬਖਸ਼ੀਸ਼ ਸਿੰਘ ਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁੱਖ ਚੋਣ ਕਮਿਸ਼ਨਰ ਨੂੰ ਤੱਥਾਂ ਸਮੇਤ ਸ਼ਿਕਾਇਤ ਭੇਜਣ ਤੋਂ ਇਲਾਵਾ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੂੰ ਵੀ ਇਸ ਬਾਰੇ ਸ਼ਿਕਾਇਤ ਦਿੱਤੀ ਗਈ ਹੈ। ਕੌਂਸਲਰਾਂ ਨੇ ਇਸ ਗੱਲ 'ਤੇ ਰੋਸ ਜਤਾਇਆ ਕਿ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਮੁੱਖ ਚੋਣ ਦਫ਼ਤਰ ਵਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ 'ਚ ਕਾਰਵਾਈ ਨਾ ਹੋਈ ਤਾਂ ਉਹ ਹਾਈ ਕੋਰਟ ਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਸ ਮਾਮਲੇ 'ਚ ਆਈ. ਏ. ਐੱਸ. ਪੱਧਰ ਦੀ ਅਧਿਕਾਰੀ ਦੇ ਸ਼ਾਮਲ ਹੋਣ ਕਾਰਨ ਹੀ ਕਮਿਸ਼ਨ ਦੇ ਅਧਿਕਾਰੀ ਕਾਰਵਾਈ ਨਹੀਂ ਕਰ ਰਹੇ। ਦੂਜੇ ਪਾਸੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਇਸ ਮਾਮਲੇ ਦੀ ਜਾਂਚ ਕਰ ਰਹੇ ਅਡੀਸ਼ਨਲ ਮੁੱਖ ਚੋਣ ਅਧਿਕਾਰੀ ਭੁਪਿੰਦਰ ਸਿੰਘ ਰਾਏ ਨੇ ਕਿਹਾ ਕਿ ਸ਼ਿਕਾਇਤ 'ਚ ਦਰਜ ਤੱਥਾਂ ਦੀ ਅਸਲੀਅਤ ਪਤਾ ਲਾਈ ਜਾ ਰਹੀ ਹੈ ਅਤੇ ਇਸ ਸਬੰਧੀ ਡਵੀਜ਼ਨਲ ਕਮਿਸ਼ਨਰ ਤੋਂ ਰਿਪੋਰਟ ਮੰਗੀ ਗਈ ਹੈ। ਇਕ-ਦੋ ਦਿਨ 'ਚ ਇਹ ਰਿਪੋਰਟ ਮਿਲਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪ੍ਰੈੱਸ ਕਾਨਫਰੰਸ ਕਰਨ ਵਾਲੇ ਮਾਨਸਾ ਦੇ ਕੌਂਸਲਰਾਂ ਨੇ ਦੋਸ਼ ਲਾਇਆ ਕਿ ਜਿਸ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਉਸ 'ਚ ਕਰੋੜਾਂ ਰੁਪਏ ਦਾ ਘਪਲਾ ਵੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਨੇ ਕਾਰਵਾਈ ਵੀ ਸ਼ੁਰੂ ਕੀਤੀ ਸੀ ਪਰ ਜ਼ਿਲਾ ਅਧਿਕਾਰੀਆਂ ਨੇ ਅਸਰ ਰਸੂਖ ਵਰਤ ਕੇ ਓ. ਐੱਸ. ਡੀ. ਨਾਲ ਮਿਲ ਕੇ ਵਿਚ ਹੀ ਰੁਕਵਾ ਦਿੱਤਾ। ਕੌਂਸਲਰਾਂ ਨੇ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪਾਰਕ ਦੇ ਨਿਰਮਾਣ ਦਾ ਕੰਮ ਬਿਨਾਂ ਕਮਿਸ਼ਨ ਦੀ ਮਨਜ਼ੂਰੀ ਦੇ ਸ਼ੁਰੂ ਕੀਤਾ ਗਿਆ ਹੈ ਤੇ ਕਮਿਸ਼ਨ ਦੇ ਅਧਿਕਾਰੀਆਂ ਨੂੰ ਇਹ ਕੰਮ ਪੁਰਾਣਾ ਦੱਸ ਕੇ ਗਲਤ ਤੱਥ ਦਿੱਤੇ ਜਾ ਰਹੇ ਹਨ।
