ਪੰਜਾਬ 'ਚ ਮੁੜ ਵਧਣ ਲੱਗੇ ਕੋਰੋਨਾ ਮਾਮਲੇ, ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਸਰਕਾਰ ਨੇ ਖਿੱਚੀ ਤਿਆਰੀ
Thursday, Jan 06, 2022 - 10:05 PM (IST)
ਚੰਡੀਗੜ੍ਹ-ਪੰਜਾਬ 'ਚ ਮੁੜ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਹਾਲ ਦੇ ਹਫ਼ਤਿਆਂ 'ਚ ਕੋਰੋਨਾ ਦੇ ਮਾਮਲਿਆਂ 'ਚ ਖਤਰਨਾਕ ਵਾਧੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਗੰਭੀਰ ਰੋਗੀਆਂ ਦੇ ਇਲਾਜ ਲਈ ਬੈੱਡਾਂ ਦੀ ਸਮਰੱਥਾਂ 'ਚ 30 ਫੀਸਦੀ ਦਾ ਵਾਧਾ ਕੀਤਾ ਹੈ। ਇਨਫੈਕਸ਼ਨ ਦੀਆਂ ਦੋ ਲਹਿਰਾਂ ਦੌਰਾਨ ਪੰਜਾਬ ਦੇਸ਼ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ 'ਚੋਂ ਇਕ ਸੀ, ਇਸ ਦੇ ਮੱਦੇਨਜ਼ਰ ਸਰਕਾਰ ਨੇ ਕੋਰੋਨਾ ਦੇ ਸੰਭਾਵੀ ਖਤਰੇ ਨੂੰ ਲੈ ਕੇ ਤਿਆਰੀ ਖਿੱਚਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ :ਅਕਾਲੀ ਦਲ ਸਿਧਾਂਤਕ ਤੌਰ 'ਤੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਖਿਲਾਫ : ਸੁਖਬੀਰ ਬਾਦਲ
ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਜਿਸ ਦੇ ਤਹਿਤ ਰਾਤ 10 ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਇਆ ਗਿਆ ਹੈ। ਸਰਕਾਰ ਵੱਲੋਂ ਸਕੂਲਾਂ ਅਤੇ ਕਾਲਜਾਂ ਨੂੰ 15 ਜਨਵਰੀ ਤੱਕ ਬੰਦ ਕਰਨ ਦਾ ਹੁਕਮ ਵੀ ਦਿੱਤਾ ਗਿਆ ਹੈ। ਸਰਕਾਰ ਨੇ ਆਉਣ ਵਾਲੇ ਹਫ਼ਤਿਆਂ 'ਚ ਤੇਜ਼ੀ ਨਾਲ ਕੋਰੋਨਾ ਨਾਲ ਸਥਿਤੀ ਵਿਗੜਨ ਨੂੰ ਦੇਖਦਿਆਂ ਸੂਬੇ ਭਰ 'ਚ 3,500 ਵਾਧੂ ਬੈੱਡ ਸ਼ਾਮਲ ਕੀਤੇ ਹਨ, ਜਿਸ ਨਾਲ ਨਿਰਭਰ ਲੋਕਾਂ ਦੀ ਗਿਣਤੀ 12,541 ਤੋਂ ਵਧ ਕੇ 16,041 ਹੋ ਗਈ ਹੈ। ਪੰਜਾਬ 'ਚ ਹੁਣ 13,096 ਬੈੱਡ ਆਕਸੀਜਨ ਨਾਲ ਤਿਆਰ ਹਨ ਅਤੇ 1603 ਆਈ.ਸੀ.ਯੂ. ਬੈੱਡ ਬਿਨਾਂ ਵੈਂਟੀਲੇਟਰ ਅਤੇ 1,342 ਆਈ.ਸੀ.ਯੂ. ਬੈੱਡ ਵੈਂਟੀਲੇਟਰ ਵਾਲੇ ਹਨ। ਅਧਿਕਾਰੀਆਂ ਨੇ ਨਿੱਜੀ ਸਿਹਤ ਸੇਵਾਵਾਂ ਨਾਲ ਜੁੜੇ ਅਜਿਹੇ ਬੈੱਡ ਸਥਾਪਿਤ ਕਰਨ ਨੂੰ ਕਿਹਾ ਹੈ ਜਿਨ੍ਹਾਂ ਦੀ ਲੋੜ ਪੈਣ 'ਤੇ ਵਰਤੋਂ ਇਨਫੈਕਟਿਡ ਮਰੀਜ਼ ਦੇ ਇਲਾਜ ਲਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਤੋਂ ਬਾਅਦ ਚੰਡੀਗੜ੍ਹ 'ਚ ਵੀ ਲਾਇਆ ਗਿਆ ਨਾਈਟ ਕਰਫ਼ਿਊ
ਪੰਜਾਬ ’ਚ ਕੋਰੋਨਾ ਦਾ ਕਹਿਰ ਅੱਜ ਵੀ ਜਾਰੀ ਰਿਹਾ। ਕੋਰੋਨਾ ਦੇ ਮਾਮਲੇ ਘਟਣ ਦੀ ਥਾਂ ਲਗਾਤਾਰ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ’ਚ 2427 ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਖ਼ਤਰਨਾਕ ਵਾਇਰਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 687, ਲੁਧਿਆਣਾ ’ਚ 292, ਜਲੰਧਰ ’ਚ 294 ਕੋਰੋਨਾ ਮਾਮਲੇ ਤੇ 1 ਓਮੀਕਰੋਨ ਮਾਮਲਾ, ਐੱਸ. ਏ. ਐੱਸ. ’ਚ 364, ਪਠਾਨਕੋਟ ’ਚ 187, ਅੰਮ੍ਰਿਤਸਰ ’ਚ 131, ਫਤਿਹਗੜ੍ਹ ਸਾਹਿਬ ’ਚ 78, ਗੁਰਦਾਸਪੁਰ ’ਚ 71, ਹੁਸ਼ਿਆਰਪੁਰ ’ਚ 116, ਬਠਿੰਡਾ ’ਚ 45, ਰੋਪੜ ’ਚ 22, ਤਰਨਤਾਰਨ ’ਚ 18, ਫਿਰੋਜ਼ਪੁਰ ’ਚ 18, ਸੰਗਰੂਰ ’ਚ 13, ਮੋਗਾ ’ਚ 22, ਕਪੂਰਥਲਾ ’ਚ 20, ਬਰਨਾਲਾ ’ਚ 10, ਫਾਜ਼ਿਲਕਾ ’ਚ 9, ਫਰੀਦਕੋਟ ’ਚ 13 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਾਨਸਾ ਜ਼ਿਲ੍ਹੇ ’ਚ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ : ਚੀਨ ਦੇ ਸ਼ਿਆਨ ਸ਼ਹਿਰ ਨੇ ਕੋਵਿਡ-19 ਦੇ ਚੱਲਦੇ ਵਿਦੇਸ਼ੀ ਉਡਾਣਾਂ ਕੀਤੀਆਂ ਰੱਦ
ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 611102 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16662 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ’ਚ 6687 ਲੋਕ ਅਜਿਹੇ ਹਨ, ਜੋ ਅਜੇ ਵੀ ਕੋਰੋਨਾ ਪਾਜ਼ੇਟਿਵ ਹਨ। 587753 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।