ਰਸੋਈ ਗੈਸ ਮਹਿੰਗਾ, ਗਰੀਬ ਫਿਰ ਚੁੱਲ੍ਹਿਆਂ ''ਚ ਫੂਕਾਂ ਮਾਰਨ ਲਈ ਮਜਬੂਰ

12/11/2018 12:33:15 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਕੇਂਦਰ ਅਤੇ ਸੂਬਿਆਂ 'ਤੇ ਸਮੇਂ-ਸਮੇਂ ਸਿਰ ਕਾਬਜ ਹੋ ਰਹੀਆਂ ਸਰਕਾਰਾਂ ਨੇ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੋਈ ਯੋਗ ਉਪਰਾਲਾ ਨਹੀਂ ਕੀਤਾ। ਦੋ-ਤਿੰਨ ਸਾਲ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਸਕੀਮ ਸ਼ੁਰੂ ਕਰਕੇ ਔਰਤਾਂ ਨੂੰ ਮੁਫ਼ਤ ਰਸੋਈ ਗੈਸ ਸੈਲੰਡਰ ਅਤੇ ਚੁੱਲੇ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਪਰ ਇਸ ਮੁਫ਼ਤ ਸਕੀਮ ਦੇ ਨਾਂ ਹੇਠ ਗਰੀਬ ਲੋਕਾਂ ਨੂੰ ਵੱਡੀ ਪੱਧਰ 'ਤੇ ਉਲਟਾ ਲੁੱਟਿਆ ਗਿਆ। ਉਸ ਸਮੇਂ ਗੈਸ ਸੈਲੰਡਰ ਦੀ ਕੀਮਤ 430 ਰੁਪਏ ਸੀ, ਜਿਸ ਕਾਰਨ ਗਰੀਬ ਔਰਤਾਂ ਨੇ ਧੜਾਧੜ ਸੈਲੰਡਰ ਲੈਣ ਲਈ ਫਾਰਮ ਭਰ ਦਿੱਤੇ ਪਰ ਨਿੱਤ ਰੋਜ਼ ਗੈਸ ਸੈਲੰਡਰ ਦੀਆਂ ਵਧ ਰਹੀਆਂ ਕੀਮਤਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ। ਗੈਸ ਸੈਲੰਡਰ ਦੀ ਕੀਮਤ ਹੁਣ 1000 ਰੁਪਏ ਹੋ ਗਈ ਹੈ, ਜਿਸ ਕਾਰਨ ਗਰੀਬ ਲੋਕ ਮੁੜ ਚੁੱਲਿਆਂ 'ਚ ਫੂਕਾਂ ਮਾਰਨ ਲਈ ਮਜਬੂਰ ਹੋ ਰਹੇ ਹਨ।

PunjabKesari
ਲੱਕੜਾਂ ਤੇ ਛਟੀਆਂ ਦਾ ਕੀਤਾ ਜਾ ਰਿਹਾ ਹੈ ਪ੍ਰਬੰਧ 
ਗੈਸ ਸੈਲੰਡਰ ਭਰਾਉਣ ਤੋਂ ਅਸਮਰੱਥ ਅਨੇਕਾਂ ਗਰੀਬ ਲੋਕਾਂ ਨੇ ਇਸ ਵਾਰ ਲੱਕੜਾਂ ਅਤੇ ਨਰਮੇਂ ਦੀਆਂ ਛਟੀਆਂ ਦਾ ਪ੍ਰਬੰਧ ਕਰ ਲਿਆ ਹੈ। ਜਿਥੇ ਖੇਤਾਂ 'ਚੋਂ ਸੁੱਕੀਆਂ ਲੱਕੜਾਂ ਇਕੱਠੀਆ ਕਰਕੇ ਲਿਆਂਦੀਆਂ ਜਾਂਦੀਆਂ ਹਨ, ਉਥੇ ਛਟੀਆਂ ਦੀਆਂ ਟਰਾਲੀਆਂ ਵੀ ਆਪਣੇ ਬੂਹਿਆਂ ਦੇ ਅੱਗੇ ਸੁਟਵਾ ਲਈਆਂ ਹਨ। ਗਰੀਬ ਲੋਕਾਂ ਦਾ ਕਹਿਣਾ ਹੈ ਕਿ ਉਹ ਚੁੱਲਿਆਂ 'ਚ ਅੱਗ ਬਾਲ ਕੇ ਦਾਲ, ਸਬਜ਼ੀ ਤੇ ਰੋਟੀ ਆਦਿ ਬਣਾਉਣਗੇ, ਕਿਉਂਕਿ ਗੈਸ ਸੈਲੰਡਰ ਉਨ੍ਹਾਂ ਦੀ ਪਹੁੰਚ ਤੋਂ ਹੁਣ ਬਾਹਰ ਹੋ ਗਿਆ ਹੈ।  
ਹੀਟਰ ਅਤੇ ਰਾੜ ਲਾ ਕੇ ਚਲਾਉਦੇ ਹਨ ਕੰਮ 
ਅਨੇਕਾਂ ਲੋਕ ਆਪਣੇ ਘਰਾਂ 'ਚ ਬਿਜਲੀ ਤੇ ਹੀਟਰ ਚਲਾ ਰਹੇ ਹਨ ਤੇ ਸਭ ਕੁਝ ਹੀਟਰਾਂ 'ਤੇ ਹੀ ਕਰਦੇ ਹਨ। ਪਾਣੀ ਗਰਮ ਕਰਨ ਲਈ ਲੋਹੇ ਦੀ ਰਾੜ ਦੀ ਲੋਕਾਂ ਵਲੋਂ ਵਰਤੋਂ ਕੀਤੀ ਜਾਂਦੀ ਹੈ। ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਸਟੋਪ ਹੁਣ ਘੱਟ ਦਿਖਾਈ ਦੇ ਰਹੇ ਹਨ, ਕਿਉਂਕਿ ਮਿੱਟੀ ਦਾ ਤੇਲ ਗਰੀਬਾਂ ਨੂੰ ਮਿਲਦਾ ਹੀ ਨਹੀਂ। 
ਗਰੀਬਾਂ ਦੀ ਭਲਾਈ ਲਈ ਨਹੀਂ ਸੋਚਦੀਆਂ ਸਰਕਾਰਾਂ 
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ, ਬਾਜ ਸਿੰਘ ਭੁੱਟੀਵਾਲਾ, ਕੁਲਦੀਪ ਸਿੰਘ ਲੱਖੇਵਾਲੀ, ਜਗਸੀਰ ਸਿਘ ਆਦਿ ਨੇ ਦੋਸ਼ ਲਾਇਆ ਹੈ ਕਿ ਗਰੀਬਾਂ ਦੀ ਭਲਾਈ ਲਈ ਸਰਕਾਰਾਂ ਨੇ ਕਦੇ ਨਹੀਂ ਸੋਚਿਆ ਤੇ ਸਿਰਫ਼ ਵੋਟਾਂ ਵੇਲੇ ਗਰੀਬਾਂ ਨੂੰ ਭਰਮਾਉਣ ਲਈ ਸਿਆਸੀ ਲੀਡਰ ਝੂਠੇ ਵਾਅਦੇ ਕਰਕੇ ਜਾਂਦੇ ਹਨ। ਮਹਿੰਗਾਈ ਨੇ ਗਰੀਬਾਂ ਦਾ ਕਚੂੰਬਰ ਕੱਢ ਦਿੱਤਾ ਹੈ, ਜਿਸ ਕਾਰਨ ਲੋਕ ਮਰ ਰਹੇ ਹਨ ਪਰ ਸਰਕਾਰਾਂ ਆਪਣੀ ਜਿੰਮੇਵਾਰੀ ਤੋਂ ਭੱਜ ਰਹੀਆਂ ਹਨ।


rajwinder kaur

Content Editor

Related News