ਸੌਹਾਂ ਖਾ ਕੇ ਵਾਅਦਿਆਂ ਤੋਂ ਮੁਕਰੀ ਕਾਂਗਰਸ ਸਰਕਾਰ ਵਿਰੁੱਧ ਮਜ਼ਦੂਰ ਕਰਨਗੇ ਤਿੱਖਾ ਸੰਘਰਸ਼

07/29/2021 3:23:57 PM

ਭਗਤਾ ਭਾਈ ( ਪਰਮਜੀਤ ਢਿੱਲੋਂ ): ਅੱਜ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਵਿੱਚ ਸੈਕੜੇ ਮਜ਼ਦੂਰਾਂ ਨੇ ਪਿੰਡ ਕਾਂਗੜ ਵਿੱਚ ਪੁਲਸ ਵੱਲੋਂ ਲਾਏ ਬੈਰੀਕੇਡਾਂ ਤੇ ਰੈਲੀ ਕਰਕੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਮੰਗ ਪੱਤਰ ਦੇ ਕੇ ਚੋਣਾਂ ਮੌਕੇ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ।ਮੁਜ਼ਾਹਰਾ ਕਰਨ ਤੋਂ ਪਹਿਲਾਂ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੀ ਭਰਵੀਂ ਰੈਲੀ ਵਿੱਚ ਮਜ਼ਦੂਰਾਂ ਨੇ ਕਾਂਗਰਸ ਸਰਕਾਰ ਵਿਰੁੱਧ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ।

ਰੈਲੀ ਨੂੰ ਸਬੋਧਨ ਕਰਦੇ ਹੋਏ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਆਗੂ ਮੱਖਣ ਸਿੰਘ ਪੂਹਲੀ ਤੇ ਮਿੱਠੂ ਸਿੰਘ ਘੁੱਦਾ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ ਤੇ ਤੀਰਥ ਸਿੰਘ ਕੋਠਾ ਗੁਰੂ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਹਰਵਿੰਦਰ ਸਿੰਘ ਸੇਮਾ ਤੇ ਪ੍ਰਿਤਪਾਲ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਸੇਲਵਰ੍ਹਾ ਤੇ ਜਗਸੀਰ ਸਿੰਘ ਮਹਿਰਾਜ ਆਦਿ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਚੋਣਾਂ ਵਿੱਚ ਕੀਤੇ ਘਰ-ਘਰ ਰੁਜ਼ਗਾਰ ਦੇਣ, ਮਜ਼ਦੂਰਾਂ ਦੇ ਕਰਜ਼ੇ ਤੇ ਬਿਜਲੀ ਦੇ ਬਿੱਲ ਮਾਫ ਕਰਨ, ਚੋਣਾਂ ਵਿੱਚ ਕੀਤੇ ਵਾਅਦੇ ਮੁਤਾਬਕ ਪੈਨਸ਼ਨਾਂ ਵਿੱਚ ਵਾਧਾ ਕਰਨ ,ਮਜ਼ਦੂਰਾਂ ਨੂੰ ਪਲਾਟ ਦੇਣ ਅਤੇ ਰਾਸ਼ਨ ਡਿਪੂਆਂ ਤੋਂ ਕਣਕ ਸਮੇਤ ਚਾਹ ਪੱਤੀ,ਖੰਡ ,ਦਾਲਾਂ ਤੇ ਦੇਸੀ ਘਿਓ ਦੇ ਪੈਕਟ ਦੇਣ ਦੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਮਜ਼ਦੂਰਾਂ ਸਿਰ ਚੜੇ ਛੇ ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਨੂੰ ਮਾਫ ਕਰੇ। ਉਨ੍ਹਾਂ ਕਾਂਗਰਸ ਸਰਕਾਰ ਦੇ ਮਜ਼ਦੂਰ ਹਿਤੈਸ਼ੀ ਹੋਣ ਦੇ ਦਾਅਵਿਆਂ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਰਾਜ ਵਿੱਚ ਮਜ਼ਦੂਰਾਂ 'ਤੇ ਸਮਾਜਿਕ ਜਬਰ ਪਹਿਲਾਂ ਨਾਲੋਂ ਕਈ ਗੁਣਾ ਵੱਧ ਚੁੱਕਾ ਹੈ। ਔਰਤਾਂ ਦੀਆਂ ਬੇਪਤੀਆਂ ਹੋ ਰਹੀਆਂ ਹਨ, ਅਤੇ ਪਿੰਡਾਂ ਦੇ ਸਿਆਸੀ ਘੜੰਮ ਚੌਧਰੀ ਮਜ਼ਦੂਰਾਂ ਨੂੰ ਸੱਥਾਂ ਵਿੱਚ ਕੁੱਟਣ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਮਗਰੋਂ ਵੀ ਸ਼ਰੇਆਮ ਖੁੱਲੇ ਫਿਰਦੇ ਹਨ।

ਮਜ਼ਦੂਰਾਂ ਘਰਾਂ ਵਿੱਚੋਂ ਬਿਜਲੀ ਦੇ ਮੀਟਰ ਪੱਟੇ ਜਾ ਰਹੇ ਹਨ।ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੇ ਸਾਰੇ ਕਰਜ਼ੇ ਤੇ ਬਿਜਲੀ ਦੇ ਬਿੱਲ ਮਾਫ ਨਾ ਕੀਤੇ,ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਤੇ ਪੰਜ ਲੱਖ ਰੁਪਏ ਜਾਰੀ ਨਾ ਕੀਤੇ ਅਤੇ ਵਿਧਵਾ ਬੁਢਾਪਾ ਪੈਨਸ਼ਨਾਂ ਪੰਜ ਹਜ਼ਾਰ ਨਾ ਕੀਤੀਆਂ ਤਾਂ ਪਟਿਆਲਾ ਵਿਖੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 9 ਤੋਂ 11ਅਗਸਤ ਤੱਕ ਲਾਏ ਜਾ ਰਹੇ ਧਰਨੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਸ਼ਾਮਲ ਹੋ ਕੇ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ।ਅੱਜ ਦੇ ਪ੍ਰੋਗਰਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਸ਼ਮੂਲੀਅਤ ਕਰਕੇ ਮਜ਼ਦੂਰ ਮੰਗ ਨਾਲ ਇੱਕਜੁਟਤਾ ਪ੍ਰਗਟ ਕੀਤੀ। ਇਸ ਸਮੇਂ ਜਦੋਂ ਜਥੇਬੰਦੀ ਦੇ ਆਗੂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਆਪਣਾ ਮੰਗ ਪੱਤਰ ਦੇਣ ਲਈ ਉਨ੍ਹਾਂ ਦੀ ਕੋਠੀ ਅੱਗੇ ਪਹੁੰਚੇ ਤਾਂ ਕਾਂਗੜ ਦੀ ਕੋਠੀ ਅੱਗੇ ਤਾਇਨਾਤ ਪੁਲਿਸ ਕਰਮੀਆਂ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਤੇ ਜਥੇਬੰਦੀ ਦੇ ਆਗੂ ਆਪਣਾ ਮੰਗ ਪੱਤਰ ਕਾਂਗੜ ਦੀ ਕੋਠੀ ਅੱਗੇ ਹੀ ਲਟਕਾ ਕੇ ਵਾਪਸ ਪਰਤ ਆਏ। ਜਿਸ ਦਾ ਜਥੇਬੰਦੀ ਦੇ ਆਗੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।


Shyna

Content Editor

Related News