ਕਾਂਗਰਸੀ ਵਰਕਰਾਂ ਨੇ ਕੀਤੀ ਪੁਲਸ ਕਮਿਸ਼ਨਰ ਤੋਂ ਇਨਸਾਫ ਦੀ ਮੰਗ
Friday, Nov 23, 2018 - 04:27 AM (IST)

ਲੁਧਿਆਣਾ, (ਅਨਿਲ)- ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਧੌਲਾ ਦੇ ਰਹਿਣ ਵਾਲੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਅੱਜ ਪੁਲਸ ਕਮਿਸ਼ਨਰ ਲੁਧਿਆਣਾ ਸੁਖਚੈਨ ਸਿੰਘ ਗਿੱਲ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਪੀਡ਼ਤ ਪੱਖ ਦੇ ਪ੍ਰਿਤਪਾਲ ਸਿੰਘ, ਰਾਜ ਕੁਮਾਰ, ਪਾਲਾ ਰਾਮ, ਲਛਮਣ ਰਾਮ, ਅਮਰੀਕ ਰਾਮ, ਬਚਨੀ ਰਾਣੀ, ਚੰਨੀ ਰਾਣੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਧੱਕੇ ਨਾਲ ਉਨ੍ਹਾਂ ਦੇ ਘਰ ਦੇ ਸਾਹਮਣੇ ਰਾਤੋ-ਰਾਤ ਦਰਵਾਜ਼ਾ ਤੇ ਖਿਡ਼ਕੀਆਂ ਬਣਾ ਕੇ ਉਨ੍ਹਾਂ ਦੇ ਪਲਾਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦਾ ਮੇਨ ਦਰਵਾਜ਼ਾ ਦੂਜੇ ਪਾਸੇ ਹੈ ਪਰ ਜਦ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਲਟਾ ਮਿਹਰਬਾਨ ਪੁਲਸ ਨੇ ਉਨ੍ਹਾਂ ਦੇ ਪਰਿਵਾਰ ਦੇ 10 ਮੈਂਬਰਾਂ ’ਤੇ ਮਾਮਲਾ ਦਰਜ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਸਾਰੀ ਸੱਚਾਈ ਦਾ ਪਤਾ ਹੈ ਪਰ ਪੁਲਸ ਨੇ ਕਿਸੇ ਵੀ ਵਿਅਕਤੀ ਤੋਂ ਪੁੱਛਗਿੱਛ ਨਹੀਂ ਕੀਤੀ ਅਤੇ ਉਨ੍ਹਾਂ ’ਤੇ ਹੀ ਉਲਟਾ ਮਾਮਲਾ ਦਰਜ ਕਰ ਦਿੱਤਾ। ਜਦਕਿ ਮਿਹਰਬਾਨ ਪੁਲਸ ਨੇ ਸਾਡੀ ਸ਼ਿਕਾਇਤ ’ਤੇ ਅਸ਼ੋਕ ਕੁਮਾਰ, ਸੰਨੀ, ਆਸ਼ਾ ਰਾਣੀ, ਬੇਵੀ ਰਾਣੀ, ਬਲਵਿੰਦਰ ਕੌਰ, ਵੰਦਨਾ ਰਾਣੀ, ਰੋਹਿਤ ਕੁਮਾਰ ਤੇ ਵਿਨੋਦ ਕੁਮਾਰ ’ਤੇ ਮਾਮਲਾ ਦਰਜ ਕੀਤਾ ਸੀ ਤੇ ਪੁਲਸ ਨੇ ਉਨ੍ਹਾਂ ਦੇ ਨਾਲ-ਨਾਲ ਸਾਡੇ ਲੋਕਾਂ ’ਤੇ ਵੀ ਮਾਮਲਾ ਦਰਜ ਕਰ ਦਿੱਤਾ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਾਡੇ ਜਿਨ੍ਹਾਂ ਲੋਕਾਂ ’ਤੇ ਪੁਲਸ ਨੇ ਝੂਠਾ ਮਾਮਲਾ ਦਰਜ ਕੀਤਾ ਹੈ, ਉਨ੍ਹਾਂ ਵਿਚ ਕਈ ਲੋਕ ਤਾਂ ਪਿੰਡ ਵਿਚ ਹੀ ਨਹੀਂ ਸਨ ਅਤੇ ਇਕ ਲਡ਼ਕੇ ਨੂੰ ਡੇਂਗੂ ਹੋਇਆ ਹੈ। ਪੀਡ਼ਤ ਪਰਿਵਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖਡ਼, ਹਲਕਾ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ’ਤੇ ਹੋਏ ਹਮਲੇ ਦੀ ਜਾਂਚ ਕਿਸੇ ਉਚ ਅਧਿਕਾਰੀ ਤੋਂ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਕੀ ਕਹਿੰਦੇ ਹਨ ਜਾਂਚ ਅਧਿਕਾਰੀ
ਇਸ ਸਬੰਧ ਵਿਚ ਜਦ ਜਾਂਚ ਅਧਿਕਾਰੀ ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਨੇ ਦੋਵੇਂ ਧਿਰਾਂ ’ਤੇ ਤਿੰਨ ਮਾਮਲੇ ਦਰਜ ਕੀਤੇ ਹਨ। ਜਾਂਚ ਕਰਨ ਤੋਂ ਬਾਅਦ ਹੀ ਮਾਮਲੇ ਦਰਜ ਕੀਤੇ ਗਏ ਹਨ ਤੇ ਦੋ ਮਾਮਲਿਆਂ ’ਚ ਪੁਲਸ ਨੇ ਅਸ਼ੋਕ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਸਾਰੇ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।