ਸਰਕਾਰੀ ਜ਼ਮੀਨ ਦਾ ਨਾਜਾਇਜ਼ ਇੰਤਕਾਲ ਕਰਵਾ ਕੇ ਲਿਆ 1 ਕਰੋੜ ਦਾ ਮੁਆਵਜ਼ਾ, 3 ਖ਼ਿਲਾਫ਼ ਮਾਮਲਾ ਦਰਜ

Tuesday, Aug 13, 2024 - 08:51 PM (IST)

ਚੰਡੀਗੜ੍ਹ– ਪੰਜਾਬ ਵਿਜੀਲੈਂਸ ਬਿਊਰੋ ਨੇ ਮੋਗਾ ਜ਼ਿਲ੍ਹੇ ਦੇ ਮਾਲ ਹਲਕਾ ਕਿਸ਼ਨਪੁਰਾ ਕਲਾਂ ਵਿਖੇ ਤਾਇਨਾਤ ਪਟਵਾਰੀ ਨਵਦੀਪ ਸਿੰਘ ਅਤੇ ਦੋ ਆਮ ਵਿਅਕਤੀਆਂ ਦਿਲਖੁਸ਼ ਕੁਮਾਰੀ ਵਾਸੀ ਪਿੰਡ ਅਦਰਾਮਨ, ਮੋਗਾ ਅਤੇ ਹਰਮਿੰਦਰ ਸਿੰਘ ਉਰਫ਼ ਗਗਨ ਵਾਸੀ ਪਿੰਡ ਰਸੂਲਪੁਰ ਜ਼ਿਲ੍ਹਾ ਮੋਗਾ ਖਿਲਾਫ ਆਪਸੀ ਮਿਲੀਭੁਗਤ ਰਾਹੀਂ ਸਰਕਾਰੀ ਜ਼ਮੀਨ ਦੀ ਮਲਕੀਅਤ ਸਬੰਧੀ ਫਰਜ਼ੀ ਰਿਪੋਰਟਾਂ ਤਿਆਰ ਕਰਕੇ 10,065,724 ਰੁਪਏ ਦਾ ਮੁਆਵਜ਼ਾ ਪ੍ਰਾਪਤ ਕਰਨ ਬਦਲੇ ਅਪਰਾਧਿਕ ਮਾਮਲਾ ਦਰਜ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਜਾਂਚ ਦੀ ਆਧਾਰ 'ਤੇ ਵਿਜੀਲੈਂਸ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ) ਅਤੇ 13(2) ਅਤੇ ਆਈ.ਪੀ.ਸੀ. ਦੀ ਧਾਰਾ 409, 465, 466, 467, 468, 471, 120-ਬੀ ਤਹਿਤ ਉਕਤ ਤਿੰਨੇ ਮੁਲਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. ਨੰਬਰ 19 ਮਿਤੀ 12.08.2024 ਦਰਜ ਕੀਤੀ ਗਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਪਿੰਡ ਅਦਰਾਮਨ, ਤਹਿਸੀਲ ਧਰਮਕੋਟ, ਜ਼ਿਲ੍ਹਾ ਮੋਗਾ ਵਿਖੇ ਸਥਿਤ ਪੰਜਾਬ ਸਰਕਾਰ ਦੇ ਮੁੜ ਵਸੇਬਾ ਵਿਭਾਗ ਦੀ ਜ਼ਮੀਨ ਫਰਜ਼ੀ ਢੰਗ ਨਾਲ ਉਪਰੋਕਤ ਦਿਲਖੁਸ਼ ਕੁਮਾਰੀ ਦੇ ਨਾਂ 'ਤੇ ਤਬਦੀਲ ਕਰ ਕੇ ਉਸ ਦੇ ਨਾਂ 'ਤੇ ਇੰਤਕਾਲ ਦਰਜ ਕਰਵਾ ਦਿੱਤਾ ਗਿਆ। ਇਹ ਵੀ ਸਾਹਮਣੇ ਆਇਆ ਕਿ ਇਸ ਜ਼ਮੀਨ ਦੇ ਇੰਤਕਾਲ 'ਤੇ ਛਿੰਦਾ ਪਟਵਾਰੀ ਵੱਲੋਂ ਦਸਤਖਤ ਕੀਤੇ ਗਏ ਸਨ, ਜਦੋਂ ਕਿ ਉਹ ਤਹਿਸੀਲ ਧਰਮਕੋਟ ਦੇ ਪਿੰਡ ਰੇਡਵਾਂ ਦੇ ਸਬੰਧਤ ਮਾਲ ਹਲਕਾ ਵਿਖੇ ਤਾਇਨਾਤ ਨਹੀਂ ਸੀ ਅਤੇ ਸਾਲ 2021 ਦੌਰਾਨ ਉਸ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ- ਨੂੰਹ ਨਾਲ ਪ੍ਰੇਮ ਸਬੰਧਾਂ ਦਾ ਭੂਆ ਨੂੰ ਲੱਗ ਗਿਆ ਪਤਾ, ਸਕੇ ਭਤੀਜੇ ਨੇ ਭੂਆ ਨੂੰ ਦਿੱਤੀ ਦਰਦਨਾਕ ਮੌਤ

ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਤਹਿਸੀਲ ਧਰਮਕੋਟ ਵਿਖੇ ਤਾਇਨਾਤ ਤਤਕਾਲੀ ਕਾਨੂੰਗੋ ਅਤੇ ਨਾਇਬ ਤਹਿਸੀਲਦਾਰ ਨੇ ਬਿਆਨ ਰਿਕਾਰਡ ਕਰਵਾਏ ਹਨ ਕਿ ਉਨ੍ਹਾਂ ਵੱਲੋਂ ਉਕਤ ਜ਼ਮੀਨ ਦੇ ਇਸ ਤਬਾਦਲੇ 'ਤੇ ਦਸਤਖਤ ਨਹੀਂ ਕੀਤੇ ਗਏ ਸਨ ਜਿਸ ਉਪਰੰਤ ਇਹ ਤਬਾਦਲਾ ਸ਼ੱਕੀ ਪਾਇਆ ਗਿਆ। ਇਸ ਜ਼ਮੀਨ ਵਿੱਚੋਂ ਕੁਝ ਰਕਬਾ ਕੌਮੀ ਮਾਰਗ ਬਣਾਉਣ ਲਈ ਗ੍ਰਹਿਣ (ਐਕੁਆਇਰ) ਕੀਤਾ ਗਿਆ ਸੀ ਅਤੇ ਉਕਤ ਮੁਲਜ਼ਮ ਦਿਲਖੁਸ਼ ਕੁਮਾਰੀ ਨੇ 18,53,661 ਰੁਪਏ ਅਤੇ 82,12,063 ਰੁਪਏ ਦਾ ਮੁਆਵਜ਼ਾ ਹਾਸਲ ਕਰ ਲਿਆ ਸੀ। 

ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਹਿਣ ਕੀਤੀ ਗਈ ਜ਼ਮੀਨ ਦੀ ਮੁਲਾਂਕਣ ਰਿਪੋਰਟ ਅਤੇ ਇਸ ਦਾ ਏ-ਰੋਲ ਉਕਤ ਪਟਵਾਰੀ ਨਵਦੀਪ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਨਵਦੀਪ ਸਿੰਘ ਪਟਵਾਰੀ ਨੇ ਮੁਲਜ਼ਮ ਦਿਲਖੁਸ਼ ਕੁਮਾਰੀ ਨੂੰ ਇਹ ਨਾਜਾਇਜ਼ ਮੁਆਵਜ਼ਾ ਦਿਵਾਉਣ ਲਈ ਉਪਰੋਕਤ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਗਗਨ ਨਾਲ ਸਾਜ਼ਿਸ਼ੀ ਮਿਲੀਭੁਗਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਵਿਜੀਲੈਂਸ ਪੜਤਾਲ ਦੇ ਆਧਾਰ ‘ਤੇ ਉਪਰੋਕਤ ਤਿੰਨੋਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਪੁੱਛਗਿੱਛ ਦੌਰਾਨ ਮਾਲ ਵਿਭਾਗ ਦੇ ਹੋਰ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਹਸਪਤਾਲ 'ਚ 'ਬੱਤੀ ਗੁੱਲ',ਹਨੇਰੇ 'ਚ ਨਾ ਲੱਭੇ ਡਾਕਟਰ ਤਾਂ 'ਰੌਸ਼ਨੀ' ਨੇ ਆਟੋ 'ਚ ਦਿੱਤਾ ਬੱਚੇ ਨੂੰ ਜਨਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News