ਪੁਲਸ ਦੇ ਸਾਹਮਣੇ 2 ਧਿਰਾਂ ''ਚ ਟਕਰਾਅ, ਲੋਕਾਂ ਨੇ ਥਾਣਾ ਮੁਖੀ ਦੇ ਤਬਾਦਲੇ ਦੀ ਕੀਤੀ ਮੰਗ

01/27/2022 10:24:33 PM

ਫਾਜ਼ਿਲਕਾ (ਸੁਖਵਿੰਦਰ ਥਿੰਦ) : ਵਿਧਾਨ ਸਭਾ ਚੋਣਾਂ ਦੌਰਾਨ ਪੁਲਸ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਇਲਾਕੇ 'ਚ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਪੰਜਾਬ ਪੁਲਸ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹੀ, ਜਦੋਂ ਫਾਜ਼ਿਲਕਾ ਦੇ ਥਾਣਾ ਸਿਟੀ ਨਾਲ ਲੱਗਦੀ ਕੰਧ ਨਾਲ ਬਣੇ ਸੇਵਾ ਕੇਂਦਰ ਵਿਚ 2 ਧਿਰਾਂ ਵਿਚਕਾਰ ਥਾਣਾ ਮੁਖੀ ਦੇ ਸਾਹਮਣੇ ਹੀ ਕੁੱਟਮਾਰ ਹੋਣੀ ਸ਼ੁਰੂ ਹੋ ਗਈ। ਦੱਸ ਦੇਈਏ ਕਿ ਪੁਲਸ ਨੇ 2 ਧਿਰਾਂ ਦਾ ਰਾਜ਼ੀਨਾਮਾ ਕਰਵਾਉਣ ਲਈ ਉਨ੍ਹਾਂ ਨੂੰ ਥਾਣੇ ਬੁਲਾਇਆ ਸੀ ਪਰ ਥਾਣਾ ਸਿਟੀ ਮੁਖੀ ਪਰਵਿੰਦਰ ਸਿੰਘ ਦੇ ਸਾਹਮਣੇ ਹੀ ਦੋਵਾਂ ਧਿਰਾਂ ਦੇ 25 ਤੋਂ ਵੱਧ ਲੋਕਾਂ ਨੇ ਇਕ ਦੂਜੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਭਾਜਪਾ ਆਗੂਆਂ ਦੇ ਘਰ ਉਪਰ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ

ਇਸ ਸਬੰਧੀ ਸੁਖਮੰਦਰ ਸਿੰਘ ਵਾਸੀ ਘਾਂਗਾ ਕਲਾਂ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਫਾਜ਼ਿਲਕਾ ਵਿਆਹੀ ਹੋਈ ਹੈ ਤੇ ਉਨ੍ਹਾਂ ਦਾ ਆਪਸੀ ਝਗੜਾ ਰਹਿੰਦਾ ਸੀ। ਪੁਲਸ ਨੇ ਅੱਜ ਉਨ੍ਹਾਂ ਨੂੰ ਰਾਜ਼ੀਨਾਮੇ ਲਈ ਥਾਣੇ ਬੁਲਾਇਆ ਸੀ। ਇਸ ਦੌਰਾਨ ਭਿੰਦਰ ਸਿੰਘ ਵਾਸੀ ਫਾਜ਼ਿਲਕਾ ਤੇ ਉਸ ਦੇ ਭਰਾ ਨੇ ਪੁਲਸ ਦੇ ਸਾਹਮਣੇ ਹੀ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ। ਹੈਰਾਨੀ ਵਾਲੀ ਗੱਲ ਹੈ ਕਿ ਪੁਲਸ ਥਾਣੇ ਦੇ ਅੰਦਰ ਹੀ ਲੋਕ ਸੁਰੱਖਿਅਤ ਨਹੀਂ ਤਾਂ ਬਾਹਰ ਕਿਵੇਂ ਹੋਣਗੇ। ਲੋਕਾਂ ਦਾ ਕਹਿਣਾ ਸੀ ਕਿ ਥਾਣਾ ਮੁਖੀ ਦਾ ਤਬਾਦਲਾ ਕੀਤਾ ਜਾਵੇ। ਇਸ ਮੌਕੇ ਥਾਣਾ ਸਿਟੀ ਮੁਖੀ ਪਰਵਿੰਦਰ ਸਿੰਘ ਤੇ ਡੀ. ਐੱਸ. ਪੀ. ਜ਼ੋਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਧਿਰਾਂ ਖ਼ਿਲਾਫ਼ ਬਣਦੀ ਕਾਰਵਾਈ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਤਿਕਾਰ ਕੌਰ ਦੀ ਟਿਕਟ ਕੱਟੇ ਜਾਣ ’ਤੇ ਨਿਰਾਸ਼ ਪਤੀ ਨੇ ਕਾਂਗਰਸ ਹਾਈਕਮਾਨ ਨੂੰ ਕੀਤੀ ਇਹ ਅਪੀਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News