ਸੀ.ਆਈ.ਏ. ਸਟਾਫ਼ ਨੇ ਨਹਿਰ ਦੀ ਪਟੜੀ ’ਤੇ ਛੁਪਾ ਕੇ ਰੱਖੀ 5 ਕਿਲੋ ਹੈਰੋਇਨ ਕੀਤੀ ਬਰਾਮਦ

Thursday, Jan 27, 2022 - 02:18 PM (IST)

ਸੀ.ਆਈ.ਏ. ਸਟਾਫ਼ ਨੇ ਨਹਿਰ ਦੀ ਪਟੜੀ ’ਤੇ ਛੁਪਾ ਕੇ ਰੱਖੀ 5 ਕਿਲੋ ਹੈਰੋਇਨ ਕੀਤੀ ਬਰਾਮਦ

ਫ਼ਿਰੋਜ਼ਪੁਰ (ਕੁਮਾਰ) : ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਦੀ ਪੁਲਸ ਨੇ ਅੱਜ ਡੀ.ਐੱਸ.ਪੀ. ਜਗਦੀਸ਼ ਕੁਮਾਰ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਅਤੇ ਏ.ਐੱਸ.ਆਈ.ਤਾਰਾ ਸਿੰਘ ਦੀ ਅਗਵਾਈ ਹੇਠ ਇੱਕ ਭਗੌੜੇ ਤਸਕਰ ਬਲਵਿੰਦਰ ਸਿੰਘ ਉਰਫ਼ ਵਿੰਦੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸੱਦੂ ਸ਼ਾਹ ਵਾਲਾ ਨੂੰ ਗ੍ਰਿਫ਼ਤਾਰ ਕੀਤਾ। ਤਸਰਕਾਂ ਦੀ ਨਿਸ਼ਾਨਦੇਹੀ ’ਤੇ 2 ਘਰਾਂ ਅਤੇ ਨਹਿਰ ਦੀ ਪਟੜੀ ’ਤੇ ਛੁਪਾ ਕੇ ਰੱਖੀ ਹੋਈ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ 25 ਕਰੋੜ ਰੁਪਏ ਦੱਸੀ ਜਾਂਦੀ ਹੈ।

ਇਹ ਵੀ ਪੜ੍ਹੋ : ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ

ਇਹ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਡਾ. ਨਰਿੰਦਰ ਭਾਰਗਵ, ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਐੱਸ.ਪੀ ਇਨਵੈਸਟੀਗੇਸ਼ਨ ਮਨਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਨੂੰ ਸੀਲ ਕਰਦਿਆਂ ਇਹ ਬਰਾਮਦਗੀ ਹੋਈ ਹੈ। ਤਸਕਰਾਂ ਵੱਲੋਂ ਪਾਕਿਸਤਾਨ ਤੋਂ ਮੰਗਵਾਈ ਗਈ ਹੈਰੋਇਨ ਦੀ ਖੇਪ ਜ਼ਿਲ੍ਹੇ ਤੋਂ ਬਾਹਰ ਨਹੀਂ ਜਾ ਸਕੀ। ਉਨ੍ਹਾਂ ਦੱਸਿਆ ਕਿ 25 ਜਨਵਰੀ ਨੂੰ ਸੀ.ਆਈ.ਏ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵਿਕਰਮ ਪੁੱਤਰ ਟੇਕਚੰਦ ਅਤੇ ਅਰੁਣ ਭੱਟੀ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਬਾਰੇ ਕੇ ਨੂੰ 80 ਲੱਖ ਦੀ ਜਾਅਲੀ ਕਰੰਸੀ, ਇੱਕ ਪਿਸਟਲ, ਕਾਰਤੂਸ, 5 ਮੋਬਾਈਲ ਫ਼ੋਨ, ਡੌਂਗਲ ਅਤੇ ਚੋਰੀ ਦੇ ਵਾਹਨਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਦਕਿ ਉਨ੍ਹਾਂ ਦੇ ਸਾਥੀ ਬਲਵਿੰਦਰ ਸਿੰਘ ਅਤੇ ਟੇਕ ਚੰਦ ਪੁੱਤਰ ਗੁਲਜ਼ਾਰ ਸਿੰਘ ਵਾਸੀ ਬਾਰੇ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਸਾਹਨੇਵਾਲ ਤੋਂ ਟਿਕਟ ਕੱਟੇ ਜਾਣ ਤੋਂ ਨਿਰਾਸ਼ ਸਤਵਿੰਦਰ ਬਿੱਟੀ ਨੇ ਪਾਰਟੀ ਖ਼ਿਲਾਫ਼ ਕੱਢੀ ਭੜਾਸ

ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਨੂੰ ਸੂਚਨਾ ਮਿਲੀ ਕਿ ਭਗੌੜਾ ਤਸਕਰ ਬਲਵਿੰਦਰ ਸਿੰਘ ਹੈਰੋਇਨ ਦੀ ਡਲਿਵਰੀ ਕਰਨ ਲਈ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵੱਲ ਜਾ ਰਿਹਾ ਹੈ ਤਾਂ ਤੁਰੰਤ ਪੁਲਸ ਨੇ ਕਾਰਵਾਈ ਕਰਦੇ ਹੋਏ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਅਤੇ ਪਹਿਲਾਂ ਫੜੇ ਗਏ ਤਸਕਰਾਂ ਟੇਕ ਚੰਦ ਅਤੇ ਵਿਕਰਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਹੈਰੋਇਨ ਆਪਣੇ ਘਰਾਂ ਅਤੇ ਨਹਿਰ ਦੀ ਪਟੜੀ ’ਤੇ ਛੁਪਾ ਕੇ ਰੱਖੀ ਹੋਈ ਹੈ। ਪੁਲਸ ਵੱਲੋਂ ਵਿਕਰਮ, ਅਰੁਣ ਭੱਟੀ ਦੇ ਘਰੋਂ 2 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਬਲਵਿੰਦਰ ਸਿੰਘ ਦੀ ਨਿਸ਼ਾਨਦੇਹੀ ’ਤੇ ਗੰਗ ਨਹਿਰ ਦੀ ਪਟੜੀ ਤੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਨ੍ਹਾਂ ਤਸਕਰਾਂ ਨੇ ਪੁਲਸ ਦੀ ਸਖ਼ਤ ਸੁਰੱਖਿਆ ਨੂੰ ਦੇਖਦੇ ਹੋਏ 26 ਜਨਵਰੀ ਤੋਂ ਬਾਅਦ ਹੈਰੋਇਨ ਦੀ ਸਪਲਾਈ ਭੇਜਣੀ ਸੀ, ਜਿਸ ਨੂੰ ਪੁਲਸ ਨੇ ਨਾਕਾਮ ਕਰ ਦਿੱਤਾ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Anuradha

Content Editor

Related News