ਬੱਚੇ ਨੂੰ ਅਗਵਾ ਕਰ ਕੇ ਲਿਜਾਣ ਵਾਲੀ ਔਰਤ ਪੁਲਸ ਨੇ ਕੀਤੀ ਕਾਬੂ, 3 ਨਾਮਜ਼ਦ
09/26/2023 6:19:01 PM

ਮੋਗਾ (ਆਜ਼ਾਦ) : ਮੋਗਾ ਪੁਲਸ ਨੇ ਦਾਣਾ ਮੰਡੀ ਮੋਗਾ ਵਿਚ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਇਕ ਪ੍ਰਵਾਸੀ ਹਸਨ ਅਲੀ ਦੇ 4 ਮਹੀਨਿਆਂ ਦੇ ਬੱਚੇ ਨੂੰ ਅਗਵਾ ਕਰਕੇ ਲਿਜਾਣ ਵਾਲੀ ਔਰਤ ਨੂੰ ਕਾਬੂ ਕਰ ਕੇ ਮਾਪਿਆਂ ਦੇ ਹਵਾਲੇ ਕੀਤਾ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਜਸਵੀਰ ਸਿੰਘ ਅਤੇ ਸਹਾਇਕ ਥਾਣੇਦਾਰ ਅਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਹਸਨ ਅਲੀ ਨਿਵਾਸੀ ਬਿਹਾਰ ਹਾਲ ਦਾਣਾ ਮੰਡੀ ਮੋਗਾ ਨੇ ਕਿਹਾ ਕਿ ਉਹ ਆਪਣੀ ਪਤਨੀ ਦੇ ਨਾਲ ਕਬਾੜ ਦਾ ਕੰਮ ਕਰ ਰਿਹਾ ਸੀ ਤਾਂ ਬੱਚਾ ਅਸੀਂ ਮੰਜੇ ’ਤੇ ਪਾ ਦਿੱਤਾ, ਜਦੋਂ ਅੱਧੇ ਘੰਟੇ ਬਾਅਦ ਅਸੀਂ ਦੇਖਿਆ ਤਾਂ ਬੱਚਾ ਗਾਇਬ ਸੀ, ਅਸੀਂ ਪੁਲਸ ਨੂੰ ਸੂਚਿਤ ਕੀਤਾ ਅਤੇ ਆਸ-ਪਾਸ ਬੱਚੇ ਦੀ ਤਲਾਸ਼ ਸ਼ੁਰੂ ਕੀਤੀ ਤਾਂ ਦੇਖਿਆ ਕਿ ਇਕ ਔਰਤ ਆਪਣੇ ਸਾਥੀਆਂ ਨਾਲ ਬੱਚੇ ਨੂੰ ਲੈ ਕੇ ਜਾ ਰਹੀ ਹੈ, ਜਿਸ ’ਤੇ ਪੁਲਸ ਨੇ ਨਾਕਾਬੰਦੀ ਕਰ ਕੇ ਕਥਿਤ ਦੋਸ਼ੀ ਔਰਤ ਸਰਬਜੀਤ ਕੌਰ ਨਿਵਾਸੀ ਪਿੰਡ ਰਣੀਆਂ ਨੂੰ ਬੱਚੇ ਸਮੇਤ ਕਾਬੂ ਕੀਤਾ।
ਇਸ ਸਬੰਧ ਵਿਚ ਉਸ ਦੇ ਦੋ ਸਾਥੀਆਂ ਮਨਦੀਪ ਸਿੰਘ ਨਿਵਾਸੀ ਪਿੰਡ ਗੱਜਣ ਵਾਲਾ ਅਤੇ ਜੱਸੀ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਦੂਜੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਾਬੂ ਕੀਤੀ ਗਈ ਕਥਿਤ ਦੋਸ਼ੀ ਔਰਤ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।