ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਮਾਰਨ ਵਾਲੇ ਖਿਲਾਫ਼ ਮਾਮਲਾ ਦਰਜ

03/01/2019 11:53:45 AM

ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ, ਖੁਰਾਣਾ) - ਸ੍ਰੀ ਮੁਕਤਸਰ ਸਾਹਿਬ 'ਚ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਸਬੰਧ 'ਚ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਬੋਹਰ ਰੋਡ ਨਿਵਾਸੀ ਗੁਰਜੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਡੇਰਾ ਭਾਈ ਮਸਤਾਨ ਸਕੂਲ ਨੇੜੇ ਜੀਤਾ ਮੋਟਰਜ਼ ਦੇ ਨਾਂ ਦੀ ਵਰਕਸ਼ਾਪ ਹੈ। ਇੱਥੇ ਮਨਪ੍ਰੀਤ ਸਿੰਘ ਨਾਂ ਦੇ ਵਿਅਕਤੀ ਦਾ ਆਉਣਾ-ਜਾਣਾ ਸੀ। ਉਹ ਉਸ ਨੂੰ ਗੱਲਾਂ 'ਚ ਲਾ ਕੇ ਕਹਿਣ ਲੱਗਾ ਕਿ ਉਸ ਦਾ ਕੈਨੇਡਾ ਆਉਣਾ-ਜਾਣਾ ਹੈ ਅਤੇ ਉਹ ਉਸ ਨੂੰ ਵੀ ਵਿਦੇਸ਼ 'ਚ ਸੈੱਟ ਕਰਵਾ ਦੇਵੇਗਾ।

ਮਨਪ੍ਰੀਤ ਸਿੰਘ ਦੀਆਂ ਗੱਲਾਂ 'ਚ ਆ ਕੇ ਉਸ ਨੇ ਉਸ ਦੇ ਖਾਤੇ 'ਚ ਪਹਿਲਾਂ 2 ਲੱਖ 55 ਹਜ਼ਾਰ ਰੁਪਏ ਦੀ ਆਰ. ਟੀ. ਜੀ. ਐੱਸ. ਕਰਵਾ ਦਿੱਤੀ ਅਤੇ ਬਾਕੀ 3 ਲੱਖ ਰੁਪਏ ਉਸ ਨੂੰ ਨਕਦ ਦੇ ਦਿੱਤੇ। ਕਾਫ਼ੀ ਸਮਾਂ ਬੀਤਣ ਤੋਂ ਬਾਅਦ ਜਦੋਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਉਸ ਨੇ ਮਨਪ੍ਰੀਤ ਸਿੰਘ ਤੋਂ ਇਸ ਸਬੰਧੀ ਪੁੱਛ-ਗਿੱਛ ਕੀਤੀ। ਪਹਿਲਾਂ ਤਾਂ ਉਹ ਉਸ ਨੂੰ ਲਾਰੇ ਲਾਉਂਦਾ ਰਿਹਾ ਅਤੇ ਬਾਅਦ 'ਚ ਉਸ ਨੇ (ਮਨਪ੍ਰੀਤ) ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਇਕ ਦਿਨ ਉਹ ਉਸ ਦੇ ਘਰ ਗਿਆ, ਜਿੱਥੇ ਮਨਪ੍ਰੀਤ ਖੁਦ ਤਾਂ ਮਿਲਿਆ ਨਹੀਂ ਪਰ ਬਾਅਦ ਉਸ ਨੇ ਆਪਣੀ ਪਤਨੀ ਵਲੋਂ ਛੇੜ-ਛਾੜ ਕਰਨ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ਤੋਂ ਬਾਅਦ ਉਹ ਆਪ ਵਿਦੇਸ਼ ਚਲਾ ਗਿਆ। ਇਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਦਰਜ ਕਰਵਾ ਦਿੱਤੀ। ਉੱਧਰ, ਥਾਣਾ ਸਿਟੀ ਪੁਲਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮਨਪ੍ਰੀਤ ਸਿੰਘ ਨਿਵਾਸੀ ਪ੍ਰਕਾਸ਼ ਵਕੀਲ ਵਾਲੀ ਗਲੀ, ਸ੍ਰੀ ਮੁਕਤਸਰ ਸਾਹਿਬ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


rajwinder kaur

Content Editor

Related News