ਚੰਡੀਗੜ੍ਹ ਯੂਨੀਵਰਸਿਟੀ ਵਲੋਂ ਏਮਜ਼ ਨਵੀਂ ਦਿੱਲੀ ਨੂੰ ਭੇਜਿਆ ਗਿਆ 500 ਲਿਟਰ ਹੈਂਡ ਸੈਨੇਟਾਈਜ਼ਰ

4/12/2020 9:32:15 PM

ਮੋਹਾਲੀ, (ਨਿਆਮੀਆਂ)— ਭਾਰਤ 'ਚ ਕੋਵਿਡ-19 ਮਾਮਲਿਆਂ 'ਚ ਲਗਾਤਾਰ ਵਾਧਾ ਹੋਣ ਨਾਲ ਸਿਹਤ ਸੰਭਾਲ ਖੇਤਰ, ਜਿਸ 'ਚ ਡਾਕਟਰ, ਪੈਰਾ ਮੈਡੀਕਲ ਸਟਾਫ਼ ਅਤੇ ਪੈਥੋਲੋਜਿਸਟ ਸ਼ਾਮਲ ਹਨ, ਮਨੁੱਖ ਜਾਨਾਂ ਬਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਇਸੇ ਤਹਿਤ ਸਾਡੀ ਸਮਾਜ ਦੀ ਵੀ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਦੀ ਪੇਸ਼ਕਸ਼ ਕਰਨਾ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਆਪਣੀ ਸੀ. ਯੂ.-ਏਡ ਮੁਹਿੰਮ ਤਹਿਤ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ (ਡੀ. ਐੱਸ. ਟੀ.), ਭਾਰਤ ਸਰਕਾਰ ਦੇ ਸਹਿਯੋਗ ਨਾਲ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਨਵੀਂ ਦਿੱਲੀ ਨੂੰ 500 ਲਿਟਰ ਹੈਂਡ ਸੈਨੇਟਾਈਜ਼ਰ ਅਤੇ ਫੇਸ ਮਾਸਕ ਪ੍ਰਦਾਨ ਕੀਤੇ ਹਨ। ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਹੈਲਥ ਸਾਇੰਸਿਜ਼ (ਯੂ. ਆਈ. ਏ. ਐੱਚ. ਐੱਸ.) ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਲੋਂ ਅਲਕੋਹਲ ਆਧਾਰਿਤ ਹੈਂਡ ਸੈਨੀਟਾਈਜ਼ਰ ਤਿਆਰ ਕੀਤਾ ਗਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਡਾ. ਰਸ਼ਮੀ ਸ਼ਰਮਾ, ਵਿਗਿਆਨੀ 'ਈ', ਡੀ. ਐੱਸ. ਟੀ., ਭਾਰਤ ਸਰਕਾਰ ਦੀ ਹਾਜ਼ਰੀ 'ਚ ਡਾ. ਨੰਦ ਕੁਮਾਰ ਪ੍ਰੋਫੈਸਰ, ਮਾਨਸਿਕ ਰੋਗਾਂ ਸਬੰਧੀ ਵਿਭਾਗ, ਏਮਜ਼, ਨਵੀਂ ਦਿੱਲੀ ਨੂੰ 500 ਲਿਟਰ ਹੈਂਡ ਸੈਨੇਟਾਈਜ਼ਰ ਅਤੇ ਫੇਸ ਮਾਸਕ ਸੌਂਪੇ। ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਲੰਟੀਅਰਾਂ ਵਲੋਂ ਪੰਜਾਬ ਪੁਲਸ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ 100 ਲਿਟਰ ਹੈਂਡ ਸੈਨੇਟਾਈਜ਼ਰ ਦਿੱਤਾ ਗਿਆ ਹੈ। ਇਸ ਮੌਕੇ ਯੂ. ਆਈ. ਏ. ਐੱਚ. ਐੱਸ. ਦੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਤਿਆਰ ਕੀਤਾ ਗਿਆ ਸੈਨੇਟਾਈਜ਼ਰ ਹਰਪ੍ਰੀਤ ਸਿੰਘ ਐੱਸ. ਐੱਸ. ਪੀ. ਖੰਨਾ, ਜਗਵਿੰਦਰ ਸਿੰਘ ਐੱਸ. ਪੀ. ਇਨਵੈਸਟੀਗੇਸ਼ਨ ਅਤੇ ਸ਼ਮਸ਼ੇਰ ਸਿੰਘ ਡੀ. ਐੱਸ. ਪੀ. ਹੈੱਡਕੁਆਰਟਰ ਨੂੰ ਸੌਂਪਿਆ ਗਿਆ।


KamalJeet Singh

Content Editor KamalJeet Singh