ਅੱਜ ਹੋਣਗੀਆਂ ਚੰਡੀਗੜ੍ਹ ਨਿਗਮ ਦੇ ਸੀਨੀਅਰ ਡਿਪਟੀ ਅਤੇ ਡਿਪਟੀ ਮੇਅਰ ਦੀਆਂ ਚੋਣਾਂ, ਜੋੜ-ਤੋੜ ਦਾ ਦੌਰ ਹੋਇਆ ਤੇਜ਼
Tuesday, Feb 27, 2024 - 04:27 AM (IST)
ਚੰਡੀਗੜ੍ਹ (ਰਾਏ) : ਡਿਪਟੀ ਕਮਿਸ਼ਨਰ ਨੇ ਮੰਗਲਵਾਰ ਨੂੰ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਨਵੇਂ ਚੁਣੇ ਗਏ ਮੇਅਰ ਕੁਲਦੀਪ ਕੁਮਾਰ ਵਲੋਂ ਹਾਲੇ ਅਹੁਦਾ ਨਾ ਸੰਭਾਲਣ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ ਕਿ ਇਸ ਦਾ ਅਸਰ ਮੰਗਲਵਾਰ ਨੂੰ ਹੋਣ ਵਾਲੀਆਂ ਚੋਣਾਂ 'ਤੇ ਪਵੇਗਾ ਜਾਂ ਨਹੀਂ। ਹਾਲਾਂਕਿ ਚੋਣਾਂ ਮੁਲਤਵੀ ਕਰਨ ਸਬੰਧੀ ਕਿਸੇ ਵੀ ਅਥਾਰਟੀ ਵਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਪਰ ਚਰਚਾ ਹੈ ਕਿ ਜੇ ਮੰਗਲਵਾਰ ਨੂੰ ਵੀ ਮੇਅਰ ਸ਼ਹਿਰ ’ਚ ਨਹੀਂ ਪਹੁੰਚੇ ਤਾਂ ਕੀ ਹੋਵੇਗਾ।
ਰਣਨੀਤੀ ਬਣਾਉਣ ’ਚ ਜੁਟੀਆਂ ਪਾਰਟੀਆਂ
ਭਾਜਪਾ ਅਤੇ 'ਆਪ'-ਕਾਂਗਰਸ ਗਠਜੋੜ ਚੋਣਾਂ ਜਿੱਤਣ ਲਈ ਰਣਨੀਤੀ ਤਿਆਰ ਕਰਨ ’ਚ ਜੁਟੇ ਹੋਏ ਹਨ। ਨਿਗਮ ਦੇ ਮੌਜੂਦਾ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਜੇ ਸਭ ਕੁਝ ਠੀਕ-ਠਾਕ ਚਲਦਾ ਰਿਹਾ ਤੇ ਵੋਟਾਂ ਇੱਧਰ-ਉੱਧਰ ਨਾ ਖਿੱਲਰੀਆਂ ਤਾਂ ਇਨ੍ਹਾਂ ਚੋਣਾਂ ’ਚ ਭਾਜਪਾ ਦਾ ਹੀ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- UK ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਲਏ ਪੈਸੇ, ਰਿਫਿਊਜ਼ਲ ਦਾ ਕਹਿ ਕੇ ਟ੍ਰੈਵਲ ਏਜੰਟ ਖ਼ੁਦ ਪਹੁੰਚੀ ਵਿਦੇਸ਼
ਨਵੀਆਂ ਚੋਣਾਂ ਹੋਣ ਤੱਕ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਅਤੇ ਰਜਿੰਦਰ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ 'ਤੇ ਕਾਬਜ਼ ਬਣੇ ਹੋਏ ਹਨ। 30 ਜਨਵਰੀ ਨੂੰ ਮੇਅਰ ਸਮੇਤ ਇਨ੍ਹਾਂ ਦੋਵਾਂ ਅਹੁਦਿਆਂ ਲਈ ਚੋਣ ਹੋਈ ਸੀ। ਮੇਅਰ ਦੇ ਚੋਣ ਨਤੀਜਿਆਂ ਤੋਂ ਬਾਅਦ ‘ਆਪ’-ਕਾਂਗਰਸ ਗਠਜੋੜ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਗਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਕੁਮਾਰ ਨੇ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।
ਇਸ ਦੇ ਨਾਲ ਹੀ ਗਠਜੋੜ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਉਮੀਦਵਾਰਾਂ ਗੁਰਪ੍ਰੀਤ ਸਿੰਘ ਗਾਬੀ ਅਤੇ ਨਿਰਮਲਾ ਦੇਵੀ ਨੇ ਵੀ ਹਾਈਕੋਰਟ ’ਚ ਵੱਖਰੀ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੀ ਸੁਣਵਾਈ 26 ਫਰਵਰੀ ਨੂੰ ਹੋਈ ਸੀ। ਜਦੋਂ ਗਠਜੋੜ ਦੇ ਉਮੀਦਵਾਰਾਂ ਨੇ ਸੁਪਰੀਮ ਕੋਰਟ ਅਤੇ ਹਾਈਕੋਰਟ ਤੱਕ ਪਹੁੰਚ ਕੀਤੀ ਤਾਂ ਇਸ ਦੀਆਂ 20 ਵੋਟਾਂ ਸਨ। ਇਸ ਦੌਰਾਨ ਜੋੜ-ਤੋੜ ਦੀ ਸਿਆਸਤ ਇੰਨੀ ਭਾਰੂ ਹੋ ਗਈ ਕਿ ਸੁਪਰੀਮ ਕੋਰਟ ’ਚ ਆਖ਼ਰੀ ਸੁਣਵਾਈ ਤੋਂ ਠੀਕ ਪਹਿਲਾਂ ਗਠਜੋੜ ਦੇ ਤਿੰਨ ਕੌਂਸਲਰ ਅਤੇ ‘ਆਪ’ ਦੇ ਤਿੰਨ ਕੌਂਸਲਰ ਨੇਹਾ, ਪੂਨਮ ਅਤੇ ਕਾਲਾ ਭਾਜਪਾ ’ਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ- ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਛਾਉਣੀ 'ਚ ਤਬਦੀਲ ਹੋਇਆ ਨਿਗਮ ਦਫ਼ਤਰ, 800 ਪੁਲਸ ਕਰਮਚਾਰੀ ਤਾਇਨਾਤ
ਇਸ ਤੋਂ ਬਾਅਦ ਗਠਜੋੜ ਦੀ ਗਿਣਤੀ ਘਟ ਕੇ 17 ਰਹਿ ਗਈ ਜਦਕਿ ਭਾਜਪਾ ਦੇ ਸ਼ਹਿਰ ਦੇ ਸੰਸਦ ਮੈਂਬਰ ਸਮੇਤ 18 ਵੋਟਾਂ ਹਨ। 30 ਜਨਵਰੀ ਨੂੰ ਮੇਅਰ ਚੋਣਾਂ ’ਚ ਭਾਜਪਾ ਨੂੰ ਵੀ ਇੱਕੋ-ਇੱਕ ਅਕਾਲੀ ਦਲ ਦੇ ਮੈਂਬਰ ਦੀ ਹਮਾਇਤ ਮਿਲੀ ਹੈ। ਇਸ ਦੇ ਨਾਲ ਹੀ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਸਿਆਸੀ ਹਲਕਿਆਂ ’ਚ ਫਿਰ ਤੋਂ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ।
ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ’ਚ ਬਹੁਮਤ ਅਤੇ ਗਿਣਤੀ ਵਧਾਉਣ ਲਈ ਗਠਜੋੜ ਦੀਆਂ ਕੋਸ਼ਿਸ਼ਾਂ ਆਪਣੇ ਤਿੰਨ ਹਾਰੇ ਹੋਏ ਕੌਂਸਲਰਾਂ ਨੂੰ ਘਰ ਵਾਪਸੀ ਕਰਵਾਉਣ ਲਈ ਕੇਂਦਰਿਤ ਹੋ ਗਈਆਂ ਹਨ। ਇਸੇ ਤਰ੍ਹਾਂ ਭਾਜਪਾ ਵੀ ਤਿੰਨ ਕੌਂਸਲਰਾਂ ਨੂੰ ਨਿਸ਼ਾਨਾ ਬਣਾ ਕੇ ਵਿਰੋਧੀ ਧਿਰ ਵਿਚ ਜੋੜ-ਤੋੜ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e