ਮਾਮਲਾ ਪੰਚਾਇਤ ਵੱਲੋਂ ਬਿਨਾਂ ਸਹਿਮਤੀ ਤੋਂ ਪਲਾਟਾਂ ’ਤੇ ਕਬਜ਼ਾ ਕਰਨ ਦਾ, ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਚਰਨ ਸਿੰਘ

Saturday, Nov 20, 2021 - 07:35 PM (IST)

ਮਾਮਲਾ ਪੰਚਾਇਤ ਵੱਲੋਂ ਬਿਨਾਂ ਸਹਿਮਤੀ ਤੋਂ ਪਲਾਟਾਂ ’ਤੇ ਕਬਜ਼ਾ ਕਰਨ ਦਾ, ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਚਰਨ ਸਿੰਘ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ, ਧਰਮਪਾਲ ਸਿੰਘ)-ਪਿੰਡ ਸ਼ੇਰ ਸਿੰਘ ਪੁਰਾ (ਨਾਈਵਾਲਾ) ਵਿਖੇ ਪੁਲਸ ਨੂੰ ਉਸ ਸਮੇਂ ਭਾਜੜ ਪੈ ਗਈ, ਜਦੋਂ ਪਿੰਡ ਦਾ ਇਕ ਵਿਅਕਤੀ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹਿਆ। ਚਰਨ ਸਿੰਘ ਪੁੱਤਰ ਕਾਕਾ ਸਿੰਘ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸਾਲ 1975 ’ਚ ਉਨ੍ਹਾਂ ਨੂੰ 4-4 ਮਰਲੇ ਦੇ ਪਲਾਟ ਦਿੱਤੇ ਸਨ ਪਰ ਮੌਜੂਦਾ ਸਰਪੰਚ ਦੀ ਅਗਵਾਈ ’ਚ ਪੰਚਾਇਤ ਨੇ ਬਿਨਾਂ ਸਹਿਮਤੀ ਉਨ੍ਹਾਂ ਦੇ ਪਲਾਟਾਂ ’ਤੇ ਕਬਜ਼ਾ ਕਰਦਿਆਂ ਬੱਚਿਆਂ ਦੇ ਖੇਡਣ ਲਈ ਇਕ ਖੇਡ ਗਰਾਊਂਡ ਤੇ ਸਰਕਾਰੀ ਪਖਾਨਾ ਬਣਾ ਦਿੱਤਾ ਗਿਆ ਹੈ। ਇਸ ਦੇ ਵਿਰੁੱਧ ਆਵਾਜ਼ ਉਠਾਉਂਦਿਆਂ ਉਨ੍ਹਾਂ 25 ਅਕਤੂਬਰ 2021 ਨੂੰ ਲਿਖਤੀ ਦਰਖਾਸਤ ਦੇ ਕੇ ਡੀ. ਸੀ., ਐੱਸ. ਡੀ. ਐੱਮ. ਤੇ ਬੀ. ਡੀ. ਪੀ. ਓ. ਨੂੰ ਕਾਰਵਾਈ ਕਰਨ ਲਈ ਲਿਖਿਆ ਪਰ ਹਾਲੇ ਤੱਕ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਤੇ ਸਰਪੰਚ ਵੱਲੋਂ ਉਨ੍ਹਾਂ ਦੇ ਪਲਾਟਾਂ ਵਾਲੀ ਥਾਂ ’ਚ ਕੰਮ ਚੱਲ ਰਿਹਾ ਹੈ।

ਇਸ ਦੇ ਕਾਰਨ ਹੀ ਉਸ ਨੂੰ ਪਾਣੀ ਵਾਲੀ ਟੈਂਕੀ ’ਤੇ ਚੜ੍ਹਨਾ ਪਿਆ ਹੈ। ਪ੍ਰਦਰਸ਼ਨਕਾਰੀ ਬਜ਼ੁਰਗ ਨੇ ਇਕ ਹੱਥ ’ਚ ਨੋਟ ਦਿਖਾ ਕੇ ਮੌਜੂਦਾ ਸਰਪੰਚ, ਤਿੰਨ ਪੰਚਾਂ ਤੇ ਉਨ੍ਹਾਂ ਦੇ ਦੋ ਲੜਕਿਆਂ ਸਮੇਤ ਪਿੰਡ ਦੇ ਹੀ ਕੁਲ 16 ਵਿਅਕਤੀਆਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ, ਜਿਨ੍ਹਾਂ ਨੇ ਜੇ. ਸੀ. ਬੀ. ਮਸ਼ੀਨ ਨਾਲ ਉਸ ਦੇ ਪਲਾਟ ’ਚੋਂ ਨਿਉਂ ਪੁੱਟੀ ਹੈ। ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਲਖਵੀਰ ਸਿੰਘ ਟਿਵਾਣਾ ਨੇ ਫੋਨ ਰਾਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨ ਪਿੱਛੋਂ ਪ੍ਰਦਰਸ਼ਨਕਾਰੀ ਬਜ਼ੁਰਗ ਨੂੰ ਬਾਅਦ ਦੁਪਿਹਰ ਪਾਣੀ ਵਾਲੀ ਟੈਂਕੀ ਤੋਂ ਉਤਾਰ ਲਿਆ। ਜਾਣਕਾਰੀ ਮੁਤਾਬਕ ਤਹਿਸੀਲਦਾਰ ਵੱਲੋਂ ਮੌਕੇ ’ਤੇ ਪੁੱਜ ਕੇ ਦਿਵਾਏ ਭਰੋਸੇ ਪਿੱਛੋਂ ਚਰਨ ਸਿੰਘ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰ ਆਇਆ ਹੈ ਤੇ ਇਸੇ ਸਬੰਧ ’ਚ ਹੀ ਐੱਸ. ਡੀ. ਐੱਮ. ਬਰਨਾਲਾ ਵਰਜੀਤ ਵਾਲੀਆ ਨੇ ਦੋਵਾਂ ਧਿਰਾਂ ਨੂੰ ਸੋਮਵਾਰ ਨੂੰ ਆਪਣੇ ਦਫ਼ਤਰ ਵੀ ਬੁਲਾਇਆ ਹੈ।


author

Manoj

Content Editor

Related News