ਕਰਤਾਰਪੁਰ ਲਾਂਘੇ ਦੇ ਮਾਮਲੇ 'ਚ ਗੇਂਦ ਪੂਰੀ ਤਰ੍ਹਾਂ ਕੇਂਦਰ ਦੇ ਪਾਲੇ 'ਚ : ਕੈਪਟਨ

01/12/2019 10:46:35 AM

ਚੰਡੀਗੜ੍ਹ/ਜਲੰਧਰ(ਅਸ਼ਵਨੀ)— ਕਰਤਾਰਪੁਰ ਲਾਂਘੇ ਦੇ ਮਾਮਲੇ 'ਤੇ ਹਰਸਿਮਰਤ ਕੌਰ ਬਾਦਲ ਵਲੋਂ ਲਾਏ ਗਏ ਦੋਸ਼ਾਂ ਦੀ ਅੱਗੇ ਹੋਰ ਖਿੱਲੀ ਉਡਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਦੇ ਮਾਮਲੇ 'ਚ ਗੇਂਦ ਪੂਰੀ ਤਰ੍ਹਾਂ ਕੇਂਦਰ ਦੇ ਪਾਲੇ 'ਚ ਹੈ ਤੇ ਸੂਬਾ ਸਰਕਾਰ ਨੇ ਇਸ ਮਾਮਲੇ 'ਤੇ 11 ਦਿਨ ਪਹਿਲਾਂ ਗ੍ਰਹਿ ਮੰਤਰਾਲੇ (ਐੱਮ. ਐੱਚ. ਏ.) ਨੂੰ ਪਹਿਲਾਂ ਹੀ ਇਕ ਯਾਦ ਪੱਤਰ ਭੇਜ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਇਸ ਅਤਿ ਮਹੱਤਵਪੂਰਨ ਧਾਰਮਕ ਮੁੱਦੇ 'ਤੇ ਹਰਸਿਮਰਤ ਨੇ ਬਿਨਾਂ ਕੋਈ ਜਾਣਕਾਰੀ ਹਾਸਲ ਕੀਤੇ ਗਲਤ ਬਿਆਨਬਾਜ਼ੀ ਕੀਤੀ ਹੈ, ਜਿਸ ਦੇ ਨਾਲ ਉਹ ਆਪਣੇ ਭਰਮ ਫੈਲਾਉਣ ਵਾਲੇ ਬਿਆਨਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੌਸ਼ਿਸ਼ ਕਰ ਰਹੀ ਹੈ। ਕੇਂਦਰੀ ਮੰਤਰੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਦ੍ਰਿਸ਼ 'ਤੇ ਆਉਣ ਲਈ ਨਿਰਾਸ਼ਾ 'ਚ ਹੱਥ ਪੈਰ ਮਾਰ ਰਹੇ ਬਾਦਲਾਂ ਦੇ ਸੌੜੇ ਹਿੱਤਾਂ ਨੂੰ ਅੱਗੇ ਬੜ੍ਹਾਵਾ ਦੇਣ ਲਈ ਹਰਸਿਮਰਤ ਕੌਰ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਖੇਡਣ ਦਾ ਘਿਨੌਣਾ ਕਾਰਜ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਸਲ 'ਚ ਇਸ ਸਬੰਧ 'ਚ 12 ਦਸੰਬਰ ਨੂੰ ਪੰਜਾਬ ਦੇ ਗ੍ਰਹਿ ਅਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਸੀ। ਇਸ ਮੀਟਿੰਗ 'ਚ ਰੱਖਿਆ ਮੰਤਰਾਲੇ, ਸੀਮਾ ਸੁਰੱਖਿਆ ਬੱਲ (ਬੀ. ਐੱਸ. ਐੱਫ.), ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ. ਐੱਚ. ਏ. ਆਈ.), ਬਿਊਰੋ ਆਫ ਇੰਮੀਗ੍ਰੇਸ਼ਨ ਅਤੇ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੇ ਆਧਾਰ 'ਤੇ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ 4 ਵੱਖ-ਵੱਖ ਬਦਲਾਂ ਦਾ ਪ੍ਰਸਤਾਵ ਦਿੱਤਾ ਗਿਆ। ਇਨ੍ਹਾਂ ਬਦਲਾਂ 'ਚੋਂ ਸਭ ਤੋਂ ਢੁੱਕਵੇਂ ਇਕ ਬਦਲ 'ਤੇ ਆਪਸੀ ਸਹਿਮਤੀ ਹੋਈ।
ਕੈਪਟਨ ਨੇ ਸਪੱਸ਼ਟ ਕੀਤਾ ਕਿ ਜ਼ਮੀਨ ਨੂੰ ਐਕੁਆਇਰ ਕਰਨ ਦਾ ਕੋਈ ਵੀ ਕਦਮ ਕੇਵਲ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਅਤੇ ਇਸ ਜ਼ਮੀਨ ਦੇ ਲੋੜੀਂਦੇ ਟੁਕੜੇ ਨੂੰ ਐਕੁਆਇਰ ਕਰਨ ਵਾਸਤੇ ਫੰਡ ਪ੍ਰਾਪਤੀ ਤੋਂ ਬਾਅਦ ਹੀ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੂੰ 1 ਜਨਵਰੀ, 2019 ਨੂੰ ਵੀ ਇਕ ਯਾਦ ਪੱਤਰ ਭੇਜਿਆ ਗਿਆ। ਜਿਸ ਵਿਚ ਇਹ ਪ੍ਰਾਜੈਕਟ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਕਾਰਵਾਈ ਕਰਨ ਵਾਸਤੇ ਆਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਨਵੰਬਰ ਮਹੀਨੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਪ੍ਰਾਜੈਕਟ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਉਨ੍ਹਾਂ ਦੀ ਸਰਕਾਰ ਤੇ ਉਹ ਨਿੱਜੀ ਤੌਰ 'ਤੇ ਬਹੁਤ ਜ਼ਿਆਦਾ ਉਤਸੁਕ ਹਨ। ਉਨ੍ਹਾਂ ਨੇ ਇਸ ਨਾਜ਼ੁਕ ਮੁੱਦੇ 'ਤੇ ਖੇਡਣ ਲਈ ਹਰਸਿਮਰਤ ਕੌਰ ਅਤੇ ਹੋਰ ਅਕਾਲੀ ਆਗੂਆਂ ਦੀ ਤਿੱਖੀ ਆਲੋਚਨਾ ਕੀਤੀ।


Related News