''ਕੈਪਟਨ ਨੂੰ ਤਾਂ ਝੁਕਾ ਲਿਆ ਹੁਣ ਮੋਦੀ ਨੂੰ ਝੁਕਣ ਲਈ ਕਰਾਂਗੇ ਮਜਬੂਰ''

10/21/2020 6:03:32 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ): ਖੇਤੀਬਾੜੀ ਕਾਨੂੰਨ ਦੇ ਖ਼ਿਲਾਫ਼ 30 ਜਥੇਬੰਦੀਆਂ ਦੇ ਸੱਦੇ 'ਤੇ ਅੱਜ 21ਵੇਂ ਦਿਨ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਰਿਹਾ।ਅੱਜ ਫ਼ਿਰ ਤੋਂ ਹਜ਼ਾਰਾਂ ਕਿਸਾਨਾਂ ਨੇ ਰੇਲਵੇ ਸਟੇਸ਼ਨ ਦੀਆਂ ਰੇਲ ਪਟੜੀਆਂ 'ਤੇ ਬੈਠ ਕੇ ਧਰਨਾ ਦਿੱਤਾ।

ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਆਗੂ ਬਲਵੰਤ ਸਿੰਘ ਉਪਲੀ ਅਤੇ ਨਛੱਤਰ ਸਿੰਘ ਸਹੌਰ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਸਾਡੇ ਸੰਘਰਸ਼ ਅੱਗੇ ਝੁਕਣ ਲਈ ਮਜਬੂਰ ਹੋ ਗਿਆ ਅਤੇ ਕਾਲੇ ਕਾਨੂੰਨਾਂ ਵਿਰੋਧੀ ਮਤਾ ਪਾਇਆ। ਹੁਣ ਸਾਡਾ ਸੰਘਰਸ਼ ਮੋਦੀ ਨੂੰ ਵੀ ਝੁਕਣ ਲਈ ਮਜਬੂਰ ਕਰ ਦੇਵੇਗਾ। ਸਾਡਾ ਸੰਘਰਸ਼ ਇਕੱਲਾ ਪੰਜਾਬ 'ਚ ਹੀ ਨਹੀਂ ਪੂਰੇ ਭਾਰਤ 'ਚ ਹੈ ਅਤੇ ਕੈਨੇਡਾ ਅਮਰੀਕਾ 'ਚ ਵੀ ਫੈਲ ਚੁੱਕਿਆ ਹੈ। ਜੇਕਰ ਸਰਕਾਰ ਅਜੇ ਵੀ ਨਾ ਸਮਝੀ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਅਸੀਂ ਕੇਂਦਰ ਸਰਕਾਰ ਦੇ ਮਨਸੂਬੇ ਸਫ਼ਲ ਨਹੀਂ ਹੋਣ ਦੇਵਾਂਗੇ। ਚਾਹੇ ਸਰਕਾਰ ਇਸ ਸੰਘਰਸ਼ ਨੂੰ ਫੇਲ ਕਰਨ ਲਈ ਕਿੰਨੀਆਂ ਵੀ ਚਾਲਾਂ ਚੱਲ ਪਵੇ।

ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਆਗੂ ਸੰਘਰਸ਼ ਨੂੰ ਫੇਲ ਕਰਨ ਲਈ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕਾਨੂੰਨ ਕਿਸਾਨ ਪੱਖੀ ਹੈ। ਇਸ ਨੂੰ ਰੱਦ ਨਹੀਂ ਕਰਾਂਗੇ। ਚਾਹੇ ਜੋ ਕੁਝ ਮਰਜੀ ਕਰ ਲਵੋ। ਸਾਨੂੰ ਭਾਜਪਾ ਆਗੂਆਂ ਦੀ ਇਹ ਚੁਣੌਤੀ ਮਨਜੂਰ ਹੈ। ਅਸੀਂ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰਾਂਗੇ।ਇਸ ਮੌਕੇ ਰੂਪ ਸਿੰਘ ਢਿੱਲਵਾਂ, ਜਗਸੀਰ ਸਿੰਘ ਸੀਰਾ, ਕਰਨੈਲ ਸਿੰਘ ਗਾਂਧੀ, ਦਰਸ਼ਨ ਸਿੰਘ ਉਗੋਕੇ ਤੇ ਨਿਰੰਜਣ ਸਿੰਘ ਆਦਿ ਵੀ ਹਾਜ਼ਰ ਸਨ।


Shyna

Content Editor

Related News