ਬੱਸ ਸਟੈਂਡ ਨੂੰ ਵਰਤੋਂ ’ਚ ਨਾ ਲਏ ਜਾਣ ਕਾਰਨ ਬਣਿਆ ਨਸ਼ੇਡ਼ੀਆਂ ਦਾ ਅੱਡਾ
Friday, Dec 14, 2018 - 02:08 AM (IST)

ਤਪਾ ਮੰਡੀ, (ਜ.ਬ.)- ਪੰਜਾਬ ਸਰਕਾਰ ਨੇ ਕਈ ਕਰੋਡ਼ ਰੁਪਏ ਖਰਚ ਕੇ ਤਪਾ ਵਿਖੇ ਇਕ ਅਾਧੁਨਿਕ ਬੱਸ ਸਟੈਂਡ ਦਾ ਨਿਰਮਾਣ ਕਰੀਬ 2 ਸਾਲ ਪਹਿਲਾਂ ਕੀਤਾ ਸੀ ਪਰ ਬੱਸ ਸਟੈਂਡ ਨੂੰ ਵਰਤੋਂ ਵਿਚ ਨਾ ਲਏ ਜਾਣ ਕਾਰਨ ਨਾ ਸਿਰਫ ਇਸਦੀ ਇਮਾਰਤ ਖਸਤਾ ਹੋ ਰਹੀ ਹੈ। ਇਥੇ ਕਈ ਅਸਮਾਜਕ ਅਨਸਰਾਂ ਨੇ ਵੀ ਆਪਣਾ ਡੇਰਾ ਲਗਾ ਲਿਆ ਹੈ। ਅਕਾਲੀ ਭਾਜਪਾ ਸਰਕਾਰ ਵੇਲੇ ਉਸ ਸਮੇਂ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਮਿਹਨਤ ਸਦਕਾ ਇਸ ਬੱਸ ਸਟੈਂਡ ਦਾ ਨਿਰਮਾਣ ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਤੋਂ ਕਰਵਾਇਆ ਸੀ ਪਰ ਕਿਸੇ ਵੀ ਬੱਸ ਦੇ ਇਸ ਬੱਸ ਸਟੈਂਡ ਵਿਚ ਨਾ ਆਉਣ ਕਾਰਨ ਬੇਕਾਰ ਪਈ ਹੈ। ਖਾਲੀ ਇਮਾਰਤ ਨੂੰ ਦੇਖ ਕੇ ਇਥੇ ਕਈ ਅਸਮਾਜਕ ਅਨਸਰ ਜਿਨ੍ਹਾਂ ’ਚ ਕੁਝ ਨਸ਼ੇਡ਼ੀ ਇਥੇ ਬੈਠ ਕੇ ਆਪਣਾ ਨਸ਼ਾ ਪੂਰਾ ਕਰਦੇ ਹਨ ਅਤੇ ਕੁਝ ਜੁਆਰੀ ਇਥੇ ਬੈਠ ਕੇ ਤਾਸ਼ ਆਦਿ ਖੇਡਦੇ ਹਨ। ਜੇਕਰ ਇਸ ਜਗ੍ਹਾ ’ਤੇ ਬੱਸਾਂ ਦਾ ਆਉਣਾ-ਜਾਣਾ ਸ਼ੁਰੂ ਹੋ ਜਾਵੇ ਤਾਂ ਨਾ ਸਿਰਫ ਲੋਕਾਂ ਨੂੰ ਬਾਹਰ ਸਡ਼ਕ ’ਤੇ ਜਾ ਕੇ ਬੱਸ ਉਡੀਕਣ ਦੀ ਤਕਲੀਫ ਤੋਂ ਛੁਟਕਾਰਾ ਮਿਲ ਜਾਵੇਗਾ ਬਲਕਿ ਇਸ ਤੋਂ ਨਗਰ ਕੌਂਸਲ ਨੂੰ ਵੀ ਆਮਦਨ ਦਾ ਜ਼ਰੀਆ ਬਣ ਜਾਵੇਗਾ ਕਿਉਂਕਿ ਹਰ ਬੱਸ ਤੋਂ ਨਗਰ ਕੌਂਸਲ ਵੱਲੋਂ ਇਕ ਨਿਰਧਾਰਤ ਫੀਸ ਦੀ ਪਰਚੀ ਕੱਟੀ ਜਾਂਦੀ ਹੈ ।