ਬੁਢਲਾਡਾ ''ਚ ਟੁੱਟੀਆਂ ਹੋਈਆਂ ਸੜਕਾਂ ਦੀ ਤਰਸਯੋਗ ਹਾਲਤ

07/18/2018 4:12:15 PM

ਬੁਢਲਾਡਾ (ਬਾਂਸਲ)—ਬੁਢਲਾਡਾ ਹਲਕੇ ਦੇ ਲੋਕ ਅਤੇ ਕਿਸੇ ਵੀ ਸਿਆਸੀ ਲੀਡਰ ਕੋਲ ਹਲਕੇ ਦੇ ਵਿਕਾਸ, ਤਰੱਕੀ ਅਤੇ ਨੌਜਵਾਨ ਪੀੜ੍ਹੀ ਲਈ ਆਉਣ ਵਾਲੇ 20 ਸਾਲਾਂ ਲਈ ਕੋਈ ਯੋਜਨਾ ਨਜ਼ਰ ਨਹੀਂ ਆ ਰਹੀ। ਇਸ ਖੇਤਰ ਦੇ ਸੱਤਾਧਾਰੀ ਪਾਰਟੀ ਦੇ ਲੋਕ ਚੋਧਰ ਦੀ ਖਾਤਰ ਜਨਤਕ ਤੌਰ 'ਤੇ ਭਿੜਦੇ ਆਮ ਨਜ਼ਰ ਆ ਰਹੇ ਹਨ। ਸ਼ਹਿਰ ਦੀ ਹਾਲਤ ਬਦ ਨਾਲੋਂ ਬਦਤਰ ਬਣੀ ਹੋਈ ਹੈ। ਸ਼ਹਿਰ ਨੂੰ ਆਉਣ ਵਾਲੀਆਂ ਸੜਕਾਂ ਦੇ ਟੋਏ ਰੋਜ਼ਾਨਾਂ ਅਨੇਕਾਂ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਹਨ। ਸਫਾਈ ਦਾ ਮੰਦਾ ਹਾਲ, ਸ਼ਹਿਰ ਵਿਚਲੀਆਂ ਟੁੱਟੀਆਂ ਸੜਕਾਂ, ਨਿਕਾਸ ਦਾ ਯੋਗ ਪ੍ਰਬੰਧ ਨਾ ਹੋਣਾ, ਸੀਵਰੇਜ ਦਾ ਮੰਦਾ ਹਾਲ, ਵਿੱਦਿਅਕ ਪੱਖੋਂ ਪਛੜਿਆ, ਡਾਕਟਰਾਂ ਦੀ ਘਾਟ, ਸਿਹਤ ਸਹੂਲਤਾਂ ਦਾ ਮਾੜਾ ਹਾਲ, ਸਰਕਾਰੀ ਕਾਲਜ ਦੀ ਘਾਟ, ਵਾਟਰ ਵਰਕਸ 'ਚ ਸਫਾਈ ਦਾ ਨਾ ਹੋਣਾ, ਸ਼ਹਿਰ 'ਚ ਕੋਈ ਵੀ ਗ੍ਰੀਨ ਪਾਰਕ ਨਾ ਹੋਣਾ ਆਦਿ ਅਨੇਕਾਂ ਸਮੱਸਿਆਵਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਨੇਤਾਵਾਂ ਦੀਆਂ ਅਣਦੇਖੀਆਂ ਕਾਰਨ ਲੋਕ ਲਾਮਬੰਦ ਹੋਣ ਲਈ ਮਜ਼ਬੂਰ ਹਨ। ਵਿਕਾਸ, ਵਿੱਦਿਆ, ਸਹੂਲਤਾਂ, ਬੇਰੁਜ਼ਗਾਰੀ ਦੇ ਆਲਮ 'ਚ ਲੋਕ ਮਾਨਸਿਕ ਤੌਰ 'ਤੇ ਟੁੱਟ ਚੁੱਕੇ ਹਨ। ਸਰਕਾਰ ਦੀ ਬੇਰੁੱਖੀ, ਸਿਆਸੀ ਨੇਤਾਵਾਂ ਦੀ ਧੜੇਬੰਦੀ ਦੇ ਖਿਲਾਫ ਲੋਕਾਂ ਵਲੋਂ ਲਾਮਬੰਦ ਹੋਣ ਦਾ ਫੈਸਲਾ ਕੀਤਾ ਹੈ। ਜਿਸ ਤਹਿਤ ਸ਼ਹਿਰ ਦੇ ਲੋਕਾਂ ਨੇ ਨਗਰ ਸੁਧਾਰ ਸਭਾ ਦੇ ਬੈਨਰ ਹੇਠ 22 ਜੁਲਾਈ ਨੂੰ ਆਮ ਲੋਕਾਂ ਦੀ ਮੀਟਿੰਗ ਸੱਦ ਕੇ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਹੰਬਲਾ ਮਾਰਨ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਬੁਢਲਾਡਾ ਸਬ-ਡਵੀਜਨ ਅੰਦਰ ਪੰਜਾਬ ਸਰਕਾਰ ਵਲੋਂ ਕੀਤੀਆਂ ਗਈਆਂ ਬਦਲੀਆਂ ਦੇ ਤਹਿਤ ਸਬ-ਡਵੀਜਨ ਪੱਧਰ 'ਤੇ ਡੀ.ਐੱਸ.ਪੀ. ਤਹਿਸੀਲਦਾਰ ਦੀਆਂ ਅਹਿਮ ਅਸਾਮੀਆਂ ਖਾਲ੍ਹੀ ਪਈਆਂ ਹਨ। ਉੱਥੇ ਹਲਕੇ ਦਾ ਆਮ ਆਦਮੀ ਪਾਰਟੀ ਦਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਨਗਰ ਕੌਂਸਲ ਪ੍ਰਧਾਨ ਅਕਾਲੀ ਦਲ ਨਾਲ ਸਬੰਧਤ ਹੋਣ ਕਾਰਨ ਲੋਕਾਂ ਦਾ ਰੋਜ਼ਮਰਾਂ ਦੀ ਜ਼ਿੰਦਗੀ 'ਚ ਆਉਣ ਵਾਲੇ ਕੰਮਾਂ ਲਈ ਸਰਕਾਰ ਦੇ ਨਾਲ ਯੋਗ ਤਾਲਮੇਲ ਨਹੀਂ ਬਣ ਰਿਹਾ। ਸ਼ਹਿਰ ਦੇ ਲੋਕਾਂ ਨੇ ਮਾਨਸਾ ਜ਼ਿਲੇ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਉਹ ਬੁਢਲਾਡਾ ਹਲਕੇ ਦੀ ਤਰਸਯੋਗ ਹਾਲਤ ਵੱਲ ਫੋਰੀ ਤੌਰ 'ਤੇ ਧਿਆਨ ਦੇਣ।


Related News