ਨੌਜਵਾਨ ਦੀ ਤਿੰਨ ਦਿਨਾਂ ਬਾਅਦ ਨਹਿਰ ’ਚੋਂ ਮਿਲੀ ਲਾਸ਼
05/26/2023 12:54:23 AM

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੇ ਇਕ ਤਕਰੀਬਨ 17 ਸਾਲਾ ਨੌਜਵਾਨ ਵੱਲੋਂ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਉਸ ਦਿਨ ਉਕਤ ਨੌਜਵਾਨ ਦਾ ਜਨਮ ਦਿਨ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਮਾਤਾ ਨੂੰ ਫੋਨ ਕਰ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਦੇ ਦਿੱਤੀ ਸੀ। ਅੱਜ ਸਵੇਰੇ ਉਸ ਦੀ ਲਾਸ਼ ਖਨੌਰੀ ਹੈੱਡ ਤੋਂ ਬਰਾਮਦ ਹੋਈ ਹੈ, ਜਿਸ ’ਤੇ ਪੁਲਸ ਨੇ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਪੁਲਸ ਸੂਤਰਾਂ ਅਨੁਸਾਰ ਪ੍ਰਿੰਸ ਗਰਗ ਪੁੱਤਰ ਯੁਗਲ ਕਿਸ਼ੋਰ ਵਾਸੀ ਸੁਸ਼ਮਾ ਸੁਸਾਇਟੀ ਹਕਲਾ ਕੇ ਬੋਲਦਾ ਸੀ, ਜਿਸ ’ਤੇ ਉਸ ਦੇ ਸਾਥੀ ਉਸ ਨੂੰ ਚਿੜ੍ਹਾਉਂਦੇ ਸੀ। ਇਸ ਕਾਰਨ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਤੋਂ ਦੁਖ਼ੀ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਇਨਸਾਫ਼ ਦੁਆਉਣ ਦੀ ਮੰਗ ਕੀਤੀ ਹੈ।