ਬੀਂਬੜੀ ਪਿੰਡ ਦੇ ਠੇਕੇ ਤੋਂ ਲੁੱਟੀ ਸ਼ਰਾਬ ਸਣੇ 3 ਮੁਲਜ਼ਮ ਕਾਬੂ, ਚੋਰੀਸ਼ੁਦਾ ਮੋਟਰਸਾਈਕਲ ਵੀ ਬਰਾਮਦ
Tuesday, Jun 16, 2026 - 05:27 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ, ਕਾਂਸਲ) : ਪਿੰਡ ਬੀਬੜੀ ਵਿਖੇ ਬੀਤੀ 5-6 ਜੂਨ ਦੀ ਦਰਮਿਆਨੀ ਰਾਤ ਮਾਲਵਾ ਐਂਡ ਕੰਪਨੀ ਦੇ ਸ਼ਰਾਬ ਠੇਕੇ 'ਤੇ ਹੋਈ ਲੁੱਟ ਦੇ ਮਾਮਲੇ ਵਿਚ ਭਵਾਨੀਗੜ੍ਹ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਲੁੱਟੀ ਸ਼ਰਾਬ ਤੇ ਇਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਸ ਜਾਂਚ ਅਨੁਸਾਰ ਉਸ ਰਾਤ ਇਕ ਐਕਸਯੂਵੀ ਕਾਰ ਸਵਾਰ ਚਾਰ ਅਣਪਛਾਤੇ ਵਿਅਕਤੀ ਸ਼ਰਾਬ ਠੇਕੇ ਅੰਦਰ ਦਾਖਲ ਹੋਏ ਸਨ। ਮੁਲਜ਼ਮ ਠੇਕੇ ਤੋਂ 10 ਪੇਟੀਆਂ ਸੰਤਰਾ ਮਾਰਕਾ ਸ਼ਰਾਬ, 10 ਪੇਟੀਆਂ ਬੀਅਰ, 22 ਪੇਟੀਆਂ ਅੰਗਰੇਜ਼ੀ ਸ਼ਰਾਬ ਤੇ ਦੋ ਮੋਬਾਈਲ ਫੋਨ ਚੋਰੀ ਕਰਕੇ ਫ਼ਰਾਰ ਹੋ ਗਏ ਸਨ। ਥਾਣਾ ਭਵਾਨੀਗੜ੍ਹ ਦੇ ਐੱਸ.ਐੱਚ.ਓ. ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਮਾਮਲੇ 'ਚ ਮਿੱਠੂ ਸਿੰਘ ਵਾਸੀ ਸਾਧੋਹੇੜੀ (ਪਟਿਆਲਾ), ਮਨੋਜ ਕੁਮਾਰ ਉਰਫ ਕਾਕੂ ਵਾਸੀ ਪਟਿਆਲਾ ਤੇ ਕੁਲਵੰਤ ਕੁਮਾਰ ਉਰਫ ਬੰਟੀ ਵਾਸੀ ਨਾਭਾ ਨੂੰ ਨਾਮਜ਼ਦ ਕੀਤਾ ਗਿਆ ਸੀ।
ਇਸ ਤੋਂ ਬਾਅਦ ਪੁਲਸ ਨੂੰ ਮਿਲੀ ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਦਿਲਪ੍ਰੀਤ ਸਿੰਘ ਉਰਫ ਹੈਪੀ ਉਰਫ ਕਾਲੂ ਵਾਸੀ ਝੱਜਰ (ਹਰਿਆਣਾ) ਹਾਲ ਵਾਸੀ ਨੌਹਰਾਂ ਤੇ ਹਰਗੋਪਾਲ ਉਰਫ ਕਾਕਾ ਵਾਸੀ ਸ਼ੇਰਪੁਰ ਕਲਾਂ (ਲੁਧਿਆਣਾ) ਦੀ ਭੂਮਿਕਾ ਵੀ ਸਾਹਮਣੇ ਆਈ ਜਿਨ੍ਹਾਂ ਨੂੰ ਮਾਮਲੇ ਵਿਚ ਨਾਮਜ਼ਦ ਕਰ ਲਿਆ ਗਿਆ। ਪੁਲਸ ਨੇ ਮਨੋਜ ਕੁਮਾਰ ਉਰਫ ਕਾਕੂ, ਦਿਲਪ੍ਰੀਤ ਸਿੰਘ ਉਰਫ ਹੈਪੀ ਉਰਫ ਕਾਲੂ ਤੇ ਹਰਗੋਪਾਲ ਉਰਫ ਕਾਕਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤੀ ਸ਼ਰਾਬ ਦੀਆਂ ਬੋਤਲਾਂ, ਪਊਏ ਤੇ ਬੀਅਰ ਬਰਾਮਦ ਕੀਤੀ ਗਈ। ਪੁਲਸ ਨੇ ਦੱਸਿਆ ਕਿ 16 ਜੂਨ ਨੂੰ ਦਿਲਪ੍ਰੀਤ ਸਿੰਘ ਉਰਫ ਹੈਪੀ ਉਰਫ ਕਾਲੂ ਦੀ ਨਿਸ਼ਾਨਦੇਹੀ 'ਤੇ ਇੱਕ ਚੋਰੀਸ਼ੁਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਇਸ ਬਰਾਮਦਗੀ ਤੋਂ ਬਾਅਦ ਮਾਮਲੇ ਵਿਚ ਬੀਐੱਨਐੱਸਐੱਸ ਦੀ ਧਾਰਾ 317(2) ਦਾ ਵਾਧਾ ਕੀਤਾ ਗਿਆ ਹੈ। ਐਸ.ਐਚ.ਓ. ਰਮਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹੋਰ ਤਫ਼ਤੀਸ਼ ਜਾਰੀ ਹੈ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
