15 ਫਰਵਰੀ ਤੋਂ ਬਿੱਲ ਨਾ ਦੇਣ ''ਤੇ ਦੁਕਾਨਦਾਰਾਂ ''ਤੇ ਲੱਗੇਗੀ ਪੈਨਲਟੀ

Thursday, Feb 13, 2020 - 05:10 PM (IST)

15 ਫਰਵਰੀ ਤੋਂ ਬਿੱਲ ਨਾ ਦੇਣ ''ਤੇ ਦੁਕਾਨਦਾਰਾਂ ''ਤੇ ਲੱਗੇਗੀ ਪੈਨਲਟੀ

ਚੰਡੀਗੜ੍ਹ (ਰਾਜਿੰਦਰ) : 15 ਫਰਵਰੀ ਤੋਂ ਜਿਹੜੇ ਦੁਕਾਨਦਾਰ ਗਾਹਕਾਂ ਨੂੰ ਪ੍ਰਚੇਜ਼ 'ਤੇ ਬਿੱਲ ਨਹੀਂ ਦੇਣਗੇ, ਉਨ੍ਹਾਂ ਦੀ ਖੈਰ ਨਹੀਂ ਕਿਉਂਕਿ ਯੂ. ਟੀ. ਪ੍ਰਸ਼ਾਸਨ ਦੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੱਲੋਂ ਅਜਿਹੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਲਈ ਵਿਭਾਗ ਵੱਲੋਂ ਵਿਸ਼ੇਸ਼ ਡਰਾਈਵ ਚਲਾਈ ਜਾਵੇਗੀ। ਇਸ ਕੰਮ ਲਈ ਟੀਮਾਂ ਵੀ ਗਠਿਤ ਕਰ ਦਿੱਤੀਆਂ ਗਈਆਂ ਹਨ, ਨਾਲ ਹੀ ਵਿਭਾਗ ਸਾਰੀਆਂ ਪ੍ਰਮੁੱਖ ਮਾਰਕੀਟਾਂ 'ਚ ਲੋਕਾਂ ਦੀ ਜਾਗਰੂਕਤਾ ਲਈ ਹੋਰਡਿੰਗਜ਼ ਲਗਾਉਣ ਜਾ ਰਿਹਾ ਹੈ, ਜਿਸ ਲਈ ਚੰਡੀਗੜ੍ਹ ਨਗਰ ਨਿਗਮ ਤੋਂ ਆਗਿਆ ਮਿਲ ਗਈ ਹੈ।

ਸਭ ਤੋਂ ਪਹਿਲਾਂ ਮਨੀਮਾਜਰਾ 'ਚ ਲਾਏ ਜਾਣਗੇ ਹੋਰਡਿੰਗਜ਼
ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਆਰ. ਕੇ. ਚੌਧਰੀ ਨੇ ਦੱਸਿਆ ਕਿ ਉਹ 15 ਫਰਵਰੀ ਤੋਂ ਬਿੱਲ ਨਾ ਦੇਣ ਵਾਲੇ ਦੁਕਾਨਦਾਰਾਂ 'ਤੇ ਪੈਨਲਟੀ ਲਾਉਣ ਦੀ ਕਾਰਵਾਈ ਸ਼ੁਰੂ ਕਰਨਗੇ। ਇਸ ਲਈ ਸਾਰੇ ਪ੍ਰਮੁੱਖ ਮਾਰਕੀਟ 'ਚ ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ ਜਾ ਕੇ ਚੈਕਿੰਗ ਕਰਨਗੇ। ਇਸ ਤੋਂ ਇਲਾਵਾ ਹੋਰਡਿੰਗਜ਼ ਲਗਾਉਣ ਦਾ ਕੰਮ ਵੀ ਉਹ ਸ਼ੁਰੂ ਕਰ ਦੇਣਗੇ। ਸਭ ਤੋਂ ਪਹਿਲਾਂ ਮਨੀਮਾਜਰਾ 'ਚ ਹੋਰਡਿੰਗਜ਼ ਲਾਏ ਜਾਣਗੇ, ਜਿਸ 'ਚ ਲੋਕਾਂ ਲਈ ਜਾਗਰੂਕਤਾ ਸੰਦੇਸ਼ ਹੋਣਗੇ ਕਿ ਉਹ ਕਿਸੇ ਵੀ ਤਰ੍ਹਾਂ ਪ੍ਰਚੇਜ਼ 'ਤੇ ਬਿੱਲ ਲੈਣਾ ਨਾ ਭੁੱਲਣ।

200 ਰੁਪਏ ਤੋਂ ਵੱਧ ਪ੍ਰਚੇਜ਼ 'ਤੇ ਬਿੱਲ ਜ਼ਰੂਰੀ
ਦੱਸ ਦਈਏ ਕਿ ਦੁਕਾਨਦਾਰ ਲਈ 200 ਰੁਪਏ ਤੋਂ ਉਪਰ ਦੀ ਹਰ ਪ੍ਰਚੇਜ਼ 'ਤੇ ਬਿੱਲ ਦੇਣਾ ਜ਼ਰੂਰੀ ਹੈ ਅਤੇ ਗਾਹਕ ਖੁਦ ਵੀ ਦੁਕਾਨਦਾਰ ਤੋਂ ਬਿੱਲ ਮੰਗ ਸਕਦਾ ਹੈ ਜੇਕਰ ਦੁਕਾਨਦਾਰ ਬਿੱਲ ਜਾਰੀ ਨਹੀਂ ਕਰਦਾ ਤਾਂ ਉਸ 'ਤੇ ਨਿਯਮਾਂ ਤਹਿਤ 20 ਹਜ਼ਾਰ ਰੁਪਏ ਤੱਕ ਦੀ ਪੈਨਲਟੀ ਲਾਈ ਜਾ ਸਕਦੀ ਹੈ। ਵਿਭਾਗ ਮਾਰਕੀਟ 'ਚ ਹੋਰਡਿੰਗਜ਼ ਲਾਉਣ ਤੋਂ ਇਲਾਵਾ ਰੇਲਵੇ ਸਟੇਸ਼ਨ 'ਤੇ ਵੀ ਦੋ ਐੱਲ. ਸੀ. ਡੀਜ਼ ਲਾਉਣ ਜਾ ਰਿਹਾ ਹੈ, ਜਿਸ 'ਚ ਮੁਸਾਫਰਾਂ ਨੂੰ ਬਿੱਲ ਲੈਣ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

ਮਾਲੀਏ ਤੋਂ ਧੋਣਾ ਪੈ ਰਿਹਾ ਹੈ ਹੱਥ
ਬਿੱਲ ਜਾਰੀ ਨਾ ਕਰਨ ਤਹਿਤ ਵਿਭਾਗ ਨੂੰ ਮਾਲੀਏ ਤੋਂ ਹੱਥ ਧੋਣਾ ਪੈ ਰਿਹਾ ਹੈ। ਇਹੀ ਕਾਰਣ ਹੈ ਕਿ ਉਹ ਲੋਕਾਂ ਨੂੰ ਵੀ ਜਾਗਰੂਕ ਕਰ ਰਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ 'ਤੇ ਬਿੱਲ ਲੈਣਾ ਨਾ ਭੁੱਲਣ। ਵਿਭਾਗ ਨੇ ਸ਼ਹਿਰ 'ਚ ਦੋ ਨੰਬਰ 'ਚ ਮਾਲ ਭੇਜਣ ਅਤੇ ਮੰਗਵਾਉਣ ਵਾਲੇ ਡੀਲਰਾਂ ਖਿਲਾਫ ਵੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜੇਕਰ ਪ੍ਰਾਪਰ ਬਿੱਲ ਨਾਲ ਮਾਲ ਆਏਗਾ ਤਾਂ ਦੁਕਾਨਦਾਰ ਲਈ ਬਿੱਲ ਜਾਰੀ ਕਰਨਾ ਵੀ ਜ਼ਰੂਰੀ ਹੋ ਜਾਵੇਗਾ, ਨਹੀਂ ਤਾਂ ਉਸਦੇ ਸਟਾਕ 'ਚ ਹੇਰ-ਫੇਰ ਆਉਣਾ ਸ਼ੁਰੂ ਹੋ ਜਾਵੇਗਾ। ਇਹੀ ਕਾਰਨ ਹੈ ਕਿ ਵਿਭਾਗ ਨੇ ਅਜਿਹੇ ਕਈ ਡੀਲਰਾਂ ਦੇ ਟਰੱਕਾਂ ਖਿਲਾਫ ਕਾਰਵਾਈ ਕੀਤੀ ਹੈ, ਜੋ ਇੱਥੇ ਦੋ ਨੰਬਰ 'ਚ ਸਾਮਾਨ ਭੇਜ ਰਹੇ ਸਨ। ਇਸ 'ਤੇ ਲੱਖਾਂ ਰੁਪਏ ਪੈਨਲਟੀ ਵੀ ਲਾਈ ਗਈ ਹੈ।

ਦੋ ਦੁਕਾਨਦਾਰਾਂ 'ਤੇ ਕਾਰਵਾਈ ਕਰ ਚੁੱਕਿਆ ਵਿਭਾਗ
ਇਸ ਤੋਂ ਪਹਿਲਾਂ ਵਿਭਾਗ ਦੋ ਦੁਕਾਨਦਾਰਾਂ ਖਿਲਾਫ ਕਾਰਵਾਈ ਵੀ ਕਰ ਚੁੱਕਿਆ ਹੈ ਕਿਉਂਕਿ ਚੈਕਿੰਗ ਦੌਰਾਨ ਕਈ ਦੁਕਾਨਦਾਰਾਂ ਨੇ ਬਿੱਲ ਜਾਰੀ ਨਹੀਂ ਕੀਤਾ ਸੀ। ਇਸ ਕਾਰਣ ਵਿਭਾਗ ਨੇ ਇਨ੍ਹਾਂ ਦੁਕਾਨਦਾਰਾਂ 'ਤੇ ਵੀ ਪੈਨਲਟੀ ਲਾਈ ਸੀ।


author

Anuradha

Content Editor

Related News