ਮੰਗਾਂ ਨੂੰ ਲੈ ਕੇ ਆਦਰਸ਼ ਸਕੂਲ ਦੇ ਅਧਿਆਪਕ ਤੇ ਬੱਚਿਆਂ ਦੇ ਮਾਪੇ ਧਰਨੇ ''ਤੇ ਬੈਠੇ

06/24/2019 4:25:02 PM

ਭਵਾਨੀਗੜ੍ਹ (ਵਿਕਾਸ) : ਆਦਰਸ਼ ਸਕੂਲ ਬਾਲਦ ਖੁਰਦ ਦੀ ਮੈਨੇਜਮੈਂਟ ਵਲੋਂ ਅਧਿਆਪਕਾਂ ਨਾਲ ਕੀਤੀਆਂ ਜਾ ਰਹੀਆਂ ਮਨਮਾਨੀਆਂ ਦੇ ਖਿਲਾਫ ਸੰਘਰਸ਼ ਦੇ ਕੀਤੇ ਐਲਾਣ ਦੇ ਤਹਿਤ ਸਕੂਲ ਸਟਾਫ ਤੇ ਵਿਦਿਆਰਥੀਆਂ ਦੇ ਮਾਪੇ ਅੱਜ ਐੱਸ.ਡੀ.ਐੱਮ. ਦਫਤਰ ਭਵਾਨੀਗੜ ਵਿਖੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠ ਗਏ। ਪ੍ਰਦਰਸ਼ਨਕਾਰੀ ਅਧਿਆਪਕਾਂ ਤੇ ਮਾਪਿਆਂ ਨੇ ਸਕੂਲ ਮੈਨੇਜਮੈਂਟ ਦੇ ਅੜੀਅਲ ਰਵੱਈਏ ਖਿਲਾਫ ਕੋਈ ਗੰਭੀਰਤਾ ਨਾ ਦਿਖਾਉਣ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੌਜੂਦ ਅਧਿਆਪਕ ਆਗੂਆਂ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਕੰਪਨੀ ਦੀਆਂ ਆਪਹੁਦਰੀਆਂ ਕਾਰਨ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੈ। ਜਿਸ ਖਿਲਾਫ ਪਿਛਲੇ ਦਿਨੀਂ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਤੇ ਪ੍ਰਸ਼ਾਸਨ ਵਲੋਂ ਐੱਸ.ਡੀ.ਐੱਮ ਭਵਾਨੀਗੜ੍ਹ ਨੇ ਅਧਿਆਪਕਾਂ ਤੇ ਮਾਪਿਆਂ ਨੂੰ ਲਿਖਤੀ ਭਰੋਸਾ ਦਿੱਤਾ ਸੀ ਕਿ ਸਬੰਧਤ ਕੰਪਨੀ ਦੇ ਸਕੂਲ ਪ੍ਰਬੰਧਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਦੇ ਦੌਰਾਨ ਸਬੰਧਤ ਮੈਨੇਜਮੈਂਟ ਅਪਣੇ ਪੱਧਰ 'ਤੇ ਸਕੂਲ ਪ੍ਰਤੀ ਕੋਈ ਵੀ ਫ਼ੈਸਲਾ ਨਹੀਂ ਕਰੇਗੀ ਤੇ ਨਾਲ ਹੀ ਭਰੋਸਾ ਦਿਵਾਇਆ ਗਿਆ ਸੀ ਕਿ ਅਧਿਆਪਕਾਂ ਦੀਆਂ ਰਹਿੰਦੀਆਂ ਤਨਖਾਹਾਂ ਜਲਦ ਹੀ ਰਿਲੀਜ਼ ਕਰਵਾ ਦਿੱਤੀਆਂ ਜਾਣਗੀਆਂ। 

ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਵੀ ਸਕੂਲ ਮੈਨੇਜਮੈਟ ਕਮੇਟੀ ਅਪਣੀ ਮਨਮਰਜ਼ੀਆਂ ਕਰਨ ਤੋਂ ਬਾਜ ਨਹੀਂ ਆ ਰਹੀ ਤੇ ਦੂਜੇ ਪਾਸੇ ਭਰੋਸੇ ਦਵਾਉਣ ਮਗਰੋਂ ਇੱਕ ਮਹੀਨਾ ਤੋਂ ਉਪਰ ਦਾ ਸਮਾਂ ਬੀਤ ਜਾਣ 'ਤੇ ਵੀ ਪ੍ਰਸ਼ਾਸਨ ਕਿਸੇ ਗੱਲ 'ਤੇ ਖਰਾ ਨਹੀਂ ਉਤਰ ਸਕਿਆ ਹੈ।ਅਧਿਆਪਕ ਆਗੂਆਂ ਨੇ ਦੱਸਿਆ ਕਿ ਕੁਝ ਦਿਨ ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਵਲੋਂ ਐੱਸ.ਡੀ.ਐੱਮ ਦਫਤਰ ਵਿਖੇ ਸੰਕੇਤਕ ਧਰਨਾ ਦੇ ਕੇ ਮਸਲੇ ਦੇ ਹੱਲ ਲਈ ਪ੍ਰਸ਼ਾਸਨ ਨੂੰ 23 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਸੀ ਤੇ ਉਸ ਉਪਰੰਤ ਅਪਣੇ ਸੰਘਰਸ਼ ਨੂੰ ਤਿਖਾ ਕਰਨ ਦੇ ਤਹਿਤ ਐੱਸ.ਡੀ.ਐੱਮ. ਦਫਤਰ ਵਿਖੇ ਅਣਮਿੱਥੇ ਲਈ ਧਰਨਾ ਲਗਾਉਂਣ ਦਾ ਐਲਾਣ ਕੀਤਾ ਗਿਆ ਸੀ। ਅੱਜ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਇਹ ਸੰਘਰਸ਼ ਮੰਗਾਂ ਨਹੀਂ ਮੰਨੇ ਜਾਣ ਤੱਕ ਜਾਰੀ ਰਹੇਗਾ। ਇਸ ਮੌਕੇ ਹਰਭਜਨ ਹੈਪੀ, ਅਮਰਜੀਤ ਜੋਸ਼ੀ, ਰਸ਼ਪਾਲ ਸਿੰਘ,ਸਰਬਜੀਤ ਸਿੰਘ, ਸ਼ਰਨ ਕੌਰ, ਚਿਤਰੇਸ਼ ਬਾਂਸਲ, ਸਲੀਮ ਮੁਹੰਮਦ, ਭਗਵੰਤ ਸਿੰਘ,ਹਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜ਼ਰ ਸਨ।


Baljeet Kaur

Content Editor

Related News