ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪੰਜਾਬ ਸਰਕਾਰ ਨੂੰ ਦਿੱਤਾ ਅਲਟੀਮੇਟਮ

09/12/2018 10:05:37 AM

ਲੁਧਿਆਣਾ (ਸਲੂਜਾ) - ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਹੈ ਕਿ ਸੂਬੇ ਭਰ ਦੇ ਕਿਸਾਨਾਂ ਨੂੰ ਪੰਜਾਬ 'ਚ ਖਸਖਸ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮਨਜ਼ੂਰੀ ਨਾ ਮਿਲੀ ਤਾਂ ਉਹ ਨਵੰਬਰ ਤੋਂ ਖੁਦ ਕਿਸਾਨ ਸਰਕਾਰੀ ਥਾਵਾਂ, ਦਰਿਆਵਾਂ, ਸ਼ਮਸ਼ਾਨਘਾਟਾਂ ਅਤੇ ਪਾਰਕਾਂ 'ਚ ਖਸਖਸ ਬੀਜਣੀ ਸ਼ੁਰੂ ਕਰ ਦੇਣਗੇ।

ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਅਤੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਮੁੱਲ ਮਿਲੇ ਆਦਿ ਮੰਗਾਂ ਸਬੰਧੀ ਹਰਿਦੁਆਰ ਕਿਸਾਨ ਘਾਟ ਤੋਂ 23 ਸਤੰਬਰ ਨੂੰ ਸ਼ੁਰੂ ਹੋਣ ਵਾਲੀ ਕਿਸਾਨ ਕ੍ਰਾਂਤੀ ਯਾਤਰਾ 'ਚ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਸ਼ਮੂਲੀਅਤ ਕਰਨਗੇ। ਇਸ ਲਈ ਰਣਨੀਤੀ ਬਣਾ ਲਈ ਗਈ ਹੈ। ਸਾਰੇ ਕਿਸਾਨ ਦਿੱਲੀ ਪੁੱਜ ਕੇ ਮੋਦੀ ਸਰਕਾਰ ਖਿਲਾਫ ਰੋਸ ਜਤਾਉਂਦੇ ਹੋਏ ਇਹ ਪੁਰਜ਼ੋਰ ਮੰਗ ਕਰਨਗੇ ਕਿ ਕਰਜ਼ੇ ਮੁਆਫ ਕੀਤੇ ਜਾਣ, 10 ਸਾਲ ਪੁਰਾਣੇ ਟਰੈਕਟਰਾਂ 'ਤੇ ਪਾਬੰਦੀ ਲਾਉਣ ਦੇ ਫੈਸਲੇ ਨੂੰ ਸਰਕਾਰ ਬਿਨਾਂ ਕਿਸੇ ਦੇਰ ਵਾਪਸ ਲਵੇ ਨਹੀਂ ਤਾਂ ਸਮੂਹ ਕਿਸਾਨ ਆਪਣੇ ਟਰੈਕਟਰਾਂ ਦੀਆਂ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ। 

ਖੇਤੀ ਸੈਕਟਰ ਲਈ ਵੱਖਰਾ ਬਜਟ ਐਲਾਨਿਆ ਜਾਵੇ। ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, 10 ਲੱਖ ਰੁਪਏ ਦੀ ਮਦਦ ਰਾਸ਼ੀ, ਸਰਕਾਰ ਕਿਸਾਨਾਂ ਦੀ ਘੱਟ ਤੋਂ ਘੱਟ ਆਮਦਨ ਤੈਅ ਕਰੇ ਅਤੇ 60 ਸਾਲ ਤੋਂ ਬਾਅਦ ਕਿਸਾਨ ਨੂੰ ਪੈਨਸ਼ਨ ਪ੍ਰਦਾਨ ਕਰਵਾਈ ਜਾਵੇ। ਇਸ ਮੌਕੇ ਸਿਮਰਜੀਤ ਸਿੰਘ, ਸੂਰਤ ਸਿੰਘ ਕਾਦਰਵਾਲਾ, ਅਵਤਾਰ ਸਿੰਘ ਮੇਹਲੋਂ, ਰਾਮ ਕਰਨ ਸਿੰਘ ਰਾਮਾ, ਹਰਮਿੰਦਰ ਸਿੰਘ ਖਹਿਰਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਕਲੀ ਦੁੱਧ ਅਤੇ ਦੁੱਧ ਉਤਪਾਦਕਾਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਰਕਾਰ ਸਖ਼ਤੀ ਨਾਲ ਨਜਿੱਠੇ, ਗੰਨੇ ਦਾ ਬਕਾਇਆ ਬਿਨਾਂ ਕਿਸੇ ਦੇਰ ਦੇ ਜਾਰੀ ਕੀਤਾ ਜਾਵੇ, ਕਣਕ ਅਤੇ ਝੋਨੇ ਦੀ ਫਸਲ ਨੂੰ ਛੱਡ ਕੇ ਹੋਰਾਂ ਫਸਲਾਂ ਲਈ ਮੰਡੀਕਰਨ ਦੇ ਯੋਗ ਪ੍ਰਬੰਧ ਕੀਤੇ ਜਾਣ। ਸ. ਲੱਖੋਵਾਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਫਿਰ ਮੋਦੀ ਸਰਕਾਰ ਨੂੰ 2019 ਦੀਆਂ ਚੋਣਾਂ ਵਿਚ ਸੱਤਾ ਤੋਂ ਚਲਦਾ ਕਰ ਦੇਣਗੇ।


Related News