ਡੀ.ਸੀ. ਨੇ ਬੋਹਾ ਸ਼ਹਿਰ ''ਚ ਹੋ ਰਹੇ ਹਨ ਨਾਜਾਇਜ਼ ਕਬਜ਼ਿਆਂ ਦਾ ਲਿਆ ਜਾਇਜ਼ਾ

07/16/2019 5:36:35 PM

ਬੋਹਾ (ਮਨਜੀਤ) - ਮਾਨਸਾ ਦੇ ਡੀ.ਸੀ. ਅਪਨੀਤ ਰਿਆਇਤ ਵਲੋਂ ਬੋਹਾ ਸ਼ਹਿਰ 'ਚ ਹੋ ਰਹੇ ਨਾਜਾਇਜ਼ ਕਬਜ਼ਿਆਂ ਦਾ ਜਾਇਜ਼ਾ ਲਿਆ ਗਿਆ, ਜਿਸ ਦੌਰਾਨ ਉਨ੍ਹਾਂ ਸ਼ਹਿਰ ਨਿਵਾਸੀਆਂ ਦੀਆਂ ਸੱਮਸਿਆਵਾਂ ਜਾਨਣ ਲਈ ਵਿਸ਼ੇਸ਼ ਦੌਰਾ ਵੀ ਕੀਤਾ। ਵਪਾਰ ਮੰਡਲ ਬੋਹਾ ਦੇ ਪ੍ਰਧਾਨ ਸੁਰਿੰਦਰ ਮੰਗਲਾ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਸ਼ਹਿਰ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਉਨ੍ਹਾਂ ਨੂੰ ਵਿਸਥਾਰ ਪੂਰਬਕ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਸ਼ਹਿਰ ਦੇ ਪਤਵੰਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ ਮਾਨਸਾ ਇਸ ਸ਼ਹਿਰ ਦੀਆਂ ਸਾਰਿਆਂ ਸੱਮਸਿਆਵਾਂ ਦੇ ਹੱਲ ਲਈ ਗੰਭੀਰ ਹੈ। ਸ਼ਹਿਰ ਦੇ ਕੁੜੀਆਂ ਦੇ ਸਕੂਲ ਨੂੰ ਪੰਚਾਇਤ ਵਲੋਂ ਦਿੱਤੀ ਢਾਈ ਏਕੜ ਦੇ ਕਰੀਬ ਦੀ ਜ਼ਮੀਨ ਦਾ ਕਬਜ਼ਾ ਸਕੂਲ ਨੂੰ ਦਿਵਾਉਣ ਲਈ ਉਨ੍ਹਾਂ ਐੱਸ.ਡੀ.ਐੱਮ. ਬੁਢਲਾਡਾ ਨੂੰ ਇਸ ਥਾਂ ਨਿਸ਼ਾਨਦੇਹੀ ਕਰਾਉਣ ਦੇ ਆਦੇਸ਼ ਦਿੱਤੇ । 

ਨਗਰ ਪੰਚਾਇਤ ਦੇ ਪ੍ਰਧਾਨ ਸੁਨੀਲ ਗੋਇਲ ਨੇ ਸੁਸਤ ਚੱਲ ਰਹੇ ਸੀਵਰੇਜ਼ ਦੇ ਕੰਮ ਦੀ ਗੱਲ ਉਨ੍ਹਾਂ ਦੇ ਧਿਆਨ 'ਚ ਲਿਆਂਦੀ, ਜਿਸ ਦੇ ਬਾਰੇ ਉਨ੍ਹਾਂ ਕਿਹਾ ਕਿ ਸੀਵਰੇਜ਼ ਪਾਉਣ ਵਾਲੀ ਕੰਪਨੀ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਕੰਮ ਮਾਰਚ 2020 ਤੱਕ ਮਕੁੰਮਲ ਕੀਤਾ ਜਾਵੇ। ਸ਼ਹਿਰ ਦਾ ਬੰਦ ਪਿਆ ਸੇਵਾ ਸੈਂਟਰ ਫਿਰ ਤੋਂ ਚਲਾਉਣ ਸਬੰਧੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਛੇਤੀ ਹੱਲ ਕਰ ਦਿੱਤੀਆਂ ਜਾਣਗੀਆਂ ਅਤੇ ਨਾਜਾਇਜ਼ ਕਬਜ਼ੇ ਦੂਰ ਕਰਵਾਏ ਜਾਣਗੇ। ਦੱਸ ਦੇਈਏ ਕਿ ਸ਼ਹਿਰ ਨਿਵਾਸੀਆਂ 'ਚ ਇਸ ਗੱਲ ਦੀ ਬਹੁਤ ਖੁਸ਼ੀ ਪਾਈ ਗਈ ਕਿ ਅਤਿਅੰਤ ਖਰਾਬ ਮੌਸਮ ਦੇ ਬਾਵਜੂਦ ਉਹ ਮਿੱਥੇ ਸਮੇਂ ਮੁਤਾਬਕ ਇੱਥੇ ਪਹੁੰਚੇ । ਇਸ ਮੌਕੇ ਸਕੂਲ ਪ੍ਰਿੰਸੀਪਲ ਦਵਿੰਦਰ ਕੌਰ, ਸਾਬਕਾ ਸਰਪੰਚ ਮਹਿੰਦਰ ਸਿੰਘ ਕਾਕੂ, ਭੋਲਾ ਸਿੰਘ ਨਰਸੌਤ, ਐੱਮ. ਸੀ. ਜੀਤਾ ਰਾਮ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ ।


rajwinder kaur

Content Editor

Related News