ਰੰਜਿਸ਼ ਕਾਰਨ ਚਾਚੇ-ਭਤੀਜੇ ਦੇ ਬੇਰਹਿਮੀ ਨਾਲ ਕੁੱਟ-ਮਾਰ, ਪੁਲਸ ਨੇ ਕੀਤੀ ਕਾਰਵਾਈ
Friday, Nov 21, 2025 - 06:23 PM (IST)
ਮੋਗਾ (ਆਜ਼ਾਦ) : ਧਰਮਕੋਟ ਨਿਵਾਸੀ ਬਿਹਾਰੀ ਲਾਲ ਅਤੇ ਉਸ ਦੇ ਭਤੀਜੇ ਸੁਖਦੀਪ ਸਿੰਘ ਨੂੰ ਰੰਜਿਸ਼ ਕਾਰਨ ਹਥਿਆਰਬੰਦ ਵਿਅਕਤੀਆਂ ਵਲੋਂ ਕੁੱਟ-ਮਾਰ ਕਰਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਿਹਾਰੀ ਲਾਲ ਨੇ ਕਿਹਾ ਕਿ ਉਹ ਆਪਣੇ ਭਤੀਜੇ ਸੁਖਦੀਪ ਸਿੰਘ ਦੇ ਨਾਲ ਮਹਾਰਾਜਾ ਪੈਲੇਸ ਕੋਲ ਜਾ ਰਿਹਾ ਸੀ ਤਾਂ ਕਥਿਤ ਮੁਲਜ਼ਮ ਸੁਖਦੇਵ ਸਿੰਘ ਆਪਣੇ ਕੁਝ ਅਣਪਛਾਤੇ ਸਾਥੀਆਂ ਦੇ ਨਾਲ ਉਸ ਨੂੰ ਘੇਰ ਕੇ ਕੁੱਟ-ਮਾਰ ਕੀਤੀ।
ਉਸ ਨੇ ਕਿਹਾ ਕਿ ਸੁਖਦੇਵ ਸਿੰਘ ਬਿਨਾਂ ਕਾਰਨ ਉਸਦੀ ਦਾਦੀ ਸੁਹਾਗਵਤੀ ਨੂੰ ਘਰ ਖਾਲੀ ਕਰਨ ਲਈ ਕਹਿੰਦਾ ਹੈ, ਜਿਸ ਦੀ ਉਹ ਮਾਲਕ ਹੈ, ਜਿਸ ਕਰ ਕੇ ਸੁਖਦੇਵ ਸਿੰਘ ਨੇ ਮੈਂਨੂੰ ਅਤੇ ਮੇਰੇ ਭਤੀਜੇ ਨੂੰ ਕੁੱਟ-ਮਾਰ ਕੀਤੀ। ਜਾਂਚ ਅਧਿਕਾਰੀ ਨੇ ਆਖਿਆ ਕਿ ਉਹ ਮਾਮਲੇ ਦੀ ਜਾਂਚ ਕਰਕੇ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਨ, ਗ੍ਰਿਫਤਾਰੀ ਬਾਕੀ ਹੈ। ਕਥਿਤ ਮੁਲਜਮਾਂ ਖ਼ਿਲਾਫ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
