ਜਤਿੰਦਰ ਸਿੰਘ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਸੈਂਕੜੇ ਪਿੰਡ ਵਾਸੀਆਂ ਨੇ ਮੇਨ ਚੌਕ ਕੀਤਾ ਜਾਮ, ਦਿੱਤਾ ਧਰਨਾ
Wednesday, Nov 19, 2025 - 08:09 PM (IST)
ਬਾਘਾਪੁਰਾਣਾ, ( ਅਜੇ ਅਗਰਵਾਲ)- ਬਾਘਾਪੁਰਾਣਾ ਦੇ ਨੇੜਲੇ ਪਿੰਡ ਚੰਦ ਪੁਰਾਣਾ ਦੇ ਨੌਜਵਾਨ ਮ੍ਰਿਤਕ ਜਤਿੰਦਰ ਸਿੰਘ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਸੈਂਕੜੇ ਪਿੰਡ ਵਾਸੀਆਂ ਨੇ ਸ਼ਹਿਰ ਦੇ ਮੇਨ ਚੌਕ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਧਰਨਾਕਾਰੀਆਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ।
ਧਰਨਾਕਾਰੀਆਂ ਨੇ ਦੱਸਿਆ ਕਿ ਪਿੰਡ ਚੰਦ ਪੁਰਾਣਾ ਦਾ ਨੌਜਵਾਨ ਜਤਿੰਦਰ ਸਿੰਘ ਬੀਤੀ 15 ਨਵੰਬਰ ਤੋਂ ਲਾਪਤਾ ਸੀ, ਜਿਸ ਬਾਰੇ ਪਰਿਵਾਰ ਵੱਲੋਂ ਪੁਲਸ ਨੂੰ ਸੂਚਨਾ ਵੀ ਦਿੱਤੀ ਗਈ ਸੀ। ਤਲਾਸ਼ੀ ਦੌਰਾਨ ਉਸ ਦੀ ਲਾਸ਼ 18 ਨਵੰਬਰ ਨੂੰ ਚੰਦ ਨਵਾਂ ਅਤੇ ਚੰਦ ਪੁਰਾਣਾ ਦੇ ਵਿਚਕਾਰ ਲੰਘਦੀ ਡਰੇਨ ਵਿੱਚੋਂ ਬਰਾਮਦ ਹੋਈ। ਇਸ ਘਟਨਾ ਨੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ। ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਜਿਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਉਸ ਦੀ ਗ੍ਰਿਫਤਾਰੀ ਲਈ 1 ਵਜੇ ਮੇਨ ਚੌਕ ਵਿੱਚ ਧਰਨਾ ਲਗਾ ਕੇ ਪਿੰਡ ਵਾਸੀਆਂ ਨੇ ਚਾਰੋਂ ਪਾਸੇ ਆਵਾਜਾਈ ਠੱਪ ਕਰ ਦਿੱਤੀ।
ਧਰਨੇ ਦੀ ਸੂਚਨਾ ਮਿਲਦੇ ਹੀ ਉਪ ਪੁਲਸ ਕਪਤਾਨ ਦਲਵੀਰ ਸਿੰਘ ਸਿੱਧੂ ਅਤੇ ਥਾਣਾ ਮੁਖੀ ਜਤਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਦੇ ਪਰਿਵਾਰ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਡੀ.ਐੱਸ.ਪੀ. ਦਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਮ੍ਰਿਤਕ ਜਤਿੰਦਰ ਸਿੰਘ ਦੀ ਮਾਤਾ ਕੁਲਵੰਤ ਕੌਰ ਦੇ ਬਿਆਨਾਂ 'ਤੇ 16 ਨਵੰਬ ਨੂੰ ਰਪਟ ਦਰਜ ਕੀਤੀ ਗਈ ਸੀ ਅਤੇ ਲਾਸ਼ ਮਿਲਣ ਮਗਰੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਮੁਦੱਈ ਵੱਲੋਂ ਨਾਮਜ਼ਦ ਕੀਤੇ ਗਏ ਦੋਸ਼ੀਆਂ ਨੂੰ ਪੁਲਸ ਵੱਲੋਂ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਹ ਪੁਲਸ ਦੇ ਹੱਥੋਂ ਬਚ ਕੇ ਨਹੀਂ ਨਿਕਲ ਸਕਦੇ।

ਧਰਨੇ ਕਾਰਨ ਮੇਨ ਚੌਕ ਬੰਦ ਹੋਣ ਨਾਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ। ਵੱਡੀਆਂ ਗੱਡੀਆਂ ਸੜਕਾਂ 'ਤੇ ਖੜ੍ਹੀਆਂ ਹੋ ਗਈਆਂ, ਜਦੋਂ ਕਿ ਛੋਟੇ ਵਾਹਨ ਗਲੀਆਂ-ਮੁਹੱਲਿਆਂ ਵਿੱਚੋਂ ਲੰਘਣ ਲੱਗੇ, ਜਿਸ ਕਾਰਨ ਅੰਦਰੂਨੀ ਸੜਕਾਂ 'ਤੇ ਵੀ ਜਾਮ ਵਰਗੀ ਸਥਿਤੀ ਬਣੀ ਰਹੀ। ਬੱਸਾਂ 'ਤੇ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਪੁਲਸ ਪ੍ਰਸ਼ਾਸਨ ਅਤੇ ਧਰਨਾਕਾਰੀਆਂ ਵਿਚਾਲੇ ਧਰਨਾ ਚੁੱਕਣ ਨੂੰ ਲੈ ਕੇ ਹਲਕਾ ਤਕਰਾਰ ਵੀ ਹੋਇਆ ਪਰ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਚੌਕ ਖਾਲੀ ਕਰ ਦਿੱਤਾ, ਜਿਸ ਮਗਰੋਂ ਆਵਾਜਾਈ ਬਹਾਲ ਹੋ ਸਕੀ।
