ਜ਼ਮੀਨੀ ਵਿਵਾਦ ਨੂੰ ਲੈ ਕੇ ਕੀਤਾ ਹਮਲਾ, ਪੁਲਸ ਨੇ ਦਰਜ ਕੀਤਾ ਮਾਮਲਾ
Wednesday, Nov 19, 2025 - 06:06 PM (IST)
ਮੋਗਾ (ਆਜ਼ਾਦ) : ਬਾਘਾ ਪੁਰਾਣਾ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਕੋਟਲਾ ਰਾਏਕਾ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਭਰਾ ਨੇ ਹਥਿਆਰਬੰਦ ਵਿਅਕਤੀਆਂ ਨਾਲ ਮਿਲ ਕੇ ਜ਼ਮੀਨੀ ਵਿਵਾਦ ਨੂੰ ਲੈ ਕੇ ਤਿੰਨ ਹੋਰਾਂ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਨੂੰ ਸਿਵਲ ਹਸਪਤਾਲ, ਮੋਗਾ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਕਥਿਤ ਦੋਸ਼ੀਆਂ ਜਸਵੀਰ ਸਿੰਘ, ਸੰਤੋਖ ਸਿੰਘ ਅਤੇ ਰਾਜਵਿੰਦਰ ਸਿੰਘ ਸਾਰੇ ਵਾਸੀ ਕੋਟਲਾ ਰਾਏਕਾ ਅਤੇ 7-8 ਹਥਿਆਰਬੰਦ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ, ਜੀਤਾ ਸਿੰਘ ਵਾਲਾ ਪਿੰਡ ਦੇ ਵਸਨੀਕ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਕੋਟਲਾ ਰਾਏਕਾ ਪਿੰਡ ਦੇ ਵਸਨੀਕ ਜਸਕਰਨ ਸਿੰਘ ਨਾਲ ਟਰੈਕਟਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ। ਜਸਕਰਨ ਸਿੰਘ ਟਰੈਕਟਰ ਚਲਾ ਰਿਹਾ ਸੀ ਅਤੇ ਉਸ ਦਾ ਦੋਸਤ ਜਗਰੂਪ ਸਿੰਘ, ਵਾਸੀ ਚੰਨੂਵਾਲਾ ਪਿੰਡ ਕਣਕ ਦੀ ਬਿਜਾਈ ਮਸ਼ੀਨ ਦੇ ਪਿੱਛੇ ਬੈਠਾ ਸੀ। ਇਸ ਦੌਰਾਨ, ਜਸਕਰਨ ਸਿੰਘ ਦਾ ਭਰਾ, ਜਸਵੀਰ ਸਿੰਘ, ਹਥਿਆਰਾਂ ਨਾਲ ਲੈਸ ਇਕ ਗੱਡੀ ਵਿਚ ਆਇਆ।
ਉਸਨੇ ਤੁਰੰਤ ਜਸਕਰਨ ਸਿੰਘ, ਜਗਰੂਪ ਸਿੰਘ ਅਤੇ ਮੈਨੂੰ ਘੇਰ ਲਿਆ, ਸਾਡੇ ਨਾਲ ਬੇਰਹਿਮੀ ਨਾਲ ਕੁੱਟ-ਮਾਰ ਕੀਤੀ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਦੋਂ ਅਸੀਂ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਟਰੈਕਟਰ, ਕਣਕ ਬੀਜਣ ਵਾਲੀ ਮਸ਼ੀਨ ਅਤੇ ਖਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਚਲੇ ਗਏ। ਉਸਨੇ ਦੱਸਿਆ ਕਿ ਜਸਵੀਰ ਸਿੰਘ ਅਤੇ ਜਸਕਰਨ ਸਿੰਘ ਸਕੇ ਭਰਾ ਹਨ ਅਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਕਰ ਰਹੇ ਹਨ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਥਿਤ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
