ਸਰਕਾਰੀ ਕਣਕ ਦੀ ਹੇਰਾਫੇਰੀ ਕਰਨ ਦੇ ਮਾਮਲੇ 'ਚ ਇਕ ਕਾਬੂ
Wednesday, Aug 07, 2019 - 02:21 PM (IST)

ਬਠਿੰਡਾ (ਅਮਿਤ) - ਬਠਿੰਡਾ ਵਿਖੇ ਲਾਲ ਸਿੰਘ ਬਸਤੀ ਦੀ ਗਲੀ ਨੰਬਰ-7 'ਚ ਬਣੇ ਡਿਪੂ ਹੋਲਡਰ ਵਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਸਰਕਾਰੀ ਕਣਕ ਨਾਲ ਹੇਰਾਫੇਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਫੂਡ ਸਪਲਾਈ ਅਫਸਰਾਂ ਨੇ ਗੈਰ ਕਾਨੂੰਨੀ ਤੌਰ 'ਤੇ ਆਟੋ 'ਚ ਲੱਦੀ ਹੋਈ 16 ਦੇ ਕਰੀਬ ਕਣਕ ਦੀਆਂ ਬੋਰੀਆਂ ਨੂੰ ਕਬਜ਼ੇ 'ਚ ਲੈਂਦੇ ਹੋਏ ਚਾਲਕ ਨੂੰ ਗ੍ਰਿਫਤਾਰ ਕਰ ਲਿਆ। ਕਣਕ ਦੀਆਂ ਬੋਰੀਆਂ ਨੂੰ ਕਬਜ਼ੇ 'ਚ ਲੈਣ ਵਾਲੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਤਾਨੀਆਂ ਪੁਲ ਨੇੜੇ ਲੋਕਾਂ ਨੇ ਇਕ ਆਟੋ ਚਾਲਕ ਨੂੰ ਰੋਕਿਆ ਹੋਇਆ ਹੈ, ਜਿਸ ਨੇ ਗੈਰ-ਕਾਨੂੰਨੀ ਢੰਗ ਨਾਲ ਕਣਕ ਦੀਆਂ ਬੋਰੀਆਂ ਆਟੋ 'ਚ ਰਖੀਆਂ ਹਨ। ਇਸ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਆਟੋ ਚਾਲਕ ਸਣੇ 16 ਬੋਰੀਆਂ ਸਰਕਾਰੀ ਕਣਕ ਨੂੰ ਆਪਣੇ ਕਬਜ਼ੇ 'ਚ ਲੈ ਲਿਆ, ਜਿਸ ਦੀ ਜਾਂਚ ਉਨ੍ਹਾਂ ਵਲੋਂ ਕੀਤੀ ਜਾ ਰਹੀ ਹੈ।
ਇਸ ਸਬੰਧ 'ਚ ਜਦੋ ਡਿਪੂ ਹੋਲਡਰ ਬਿਮਲਾ ਰਾਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ, ਇਹ ਸਾਰਾ ਮਾਮਲਾ ਝੂਠਾ ਹੈ। ਸਰਕਾਰ ਵਲੋਂ ਭੇਜੀ ਗਈ ਕਣਕ ਲੋਕਾਂ ਦੇ ਘਰ ਸਮੇਂ 'ਤੇ ਪਹੁੰਚਾਈ ਜਾ ਰਹੀ ਹੈ।