ਬਠਿੰਡਾ 'ਚ ਡੀ.ਸੀ. ਦਫਤਰ ਬਾਹਰ ਕਿਸਾਨਾਂ ਨੇ ਪਰਾਲੀ ਦੀਆਂ ਭਰੀਆਂ ਟਰਾਲੀਆਂ ਸੁੱਟ ਕੇ ਕੀਤਾ ਪ੍ਰਦਰਸ਼ਨ
Thursday, Oct 18, 2018 - 03:39 PM (IST)

ਬਠਿੰਡਾ(ਅਮਿਤ)— ਕਿਸਾਨ ਯੂਨੀਅਨ ਵਲੋਂ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਪਰਾਲੀ ਨਾਲ ਲੱਦੀਆਂ 3 ਟਰਾਲੀਆਂ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ ਉਹ ਪਰਾਲੀ ਦਾ ਕੋਈ ਬੰਦੋਬਸਤ ਕਰੇ। ਕਿਉਂਕਿ ਜਿਹੜੇ ਕਿਸਾਨਾਂ ਨੂੰ ਹੈਪੀ ਸੀਡਰ ਮਸ਼ੀਨ ਦਿੱਤੀ ਗਈ ਸੀ ਉਹ ਤਾਂ ਆਪਣਾ ਕੰਮ ਕਰ ਹੀ ਰਹੇ ਹਨ ਪਰ ਢਾਈ ਤੋਂ 5 ਏਕੜ ਵਾਲੇ ਕਿਸਾਨਾਂ ਕੋਲ ਜੋ ਮਸ਼ੀਨ ਹੈ ਉਸ ਨਾਲ ਕਟਾਈ ਵੀ ਨਹੀਂ ਹੁੰਦੀ। ਇਸ ਕਾਰਨ ਕਿਸਾਨ ਹੁਣ ਪਰੇਸ਼ਾਨੀ ਵਿਚ ਹਨ ਕਿ ਉਹ ਇਸ ਪਰਾਲੀ ਦਾ ਕੀ ਕਰਨ।
ਇਸ ਲਈ ਅੱਜ ਡੀ.ਸੀ. ਦਫਤਰ ਦੇ ਬਾਹਰ ਪਰਾਲੀ ਸੁੱਟੀ ਗਈ ਹੈ ਤਾਂ ਕਿ ਡੀ.ਸੀ. ਖੁਦ ਦੱਸਣ ਕਿ ਉਹ ਇਸ ਪਰਾਲੀ ਦਾ ਕੀ ਕਰਨ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਸਰਕਾਰ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ ਤਾਂ ਹੀ ਉਹ ਪਰਾਲੀ ਨੂੰ ਅੱਗ ਲਗਾਉਣੀ ਬੰਦ ਕਰਨਗੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੀ 21 ਤਰੀਕ ਦਿਨ ਐਤਵਾਰ ਨੂੰ ਕਿਸਾਨ ਜੋਗਾਨੰਦ ਪਿੰਡ ਵਿਚ ਪਰਾਲੀ ਨੂੰ ਅੱਗ ਦੇ ਹਵਾਲੇ ਕਰਨਗੇ। ਪ੍ਰਸ਼ਾਸਨ ਜੋ ਕਾਰਵਾਈ ਕਰਨਾ ਚਾਹੁੰਦਾ ਹੈ ਕਰ ਸਕਦਾ ਹੈ।