ਸਰਕਾਰੀ ਖਜ਼ਾਨਾ ਖਾਲੀ, ਡੀ. ਸੀ. ਦਫ਼ਤਰ ਦੇ ਨਵੀਨੀਕਰਨ ''ਤੇ ਖਰਚਾ ਜਾਰੀ!

12/13/2019 12:07:40 PM

ਬਠਿੰਡਾ (ਜ.ਬ.) : ਇਕ ਪਾਸੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਰਕਾਰੀ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦੇ ਰਹੇ ਹਨ ਅਤੇ ਦੂਜੇ ਪਾਸੇ ਡੀ. ਸੀ. ਬਠਿੰਡਾ ਦੇ ਦਫ਼ਤਰ ਦੇ ਨਵੀਨੀਕਰਨ 'ਤੇ ਲੱਖਾਂ ਰੁਪਏ ਖਰਚੇ ਜਾ ਰਹੇ ਹਨ। ਜਿਥੇ ਕਵਰੇਜ ਕਰਨ ਗਏ ਮੀਡੀਆ ਕਰਮਚਾਰੀਆਂ ਨੂੰ ਡੀ. ਸੀ. ਸਟਾਫ ਨੇ ਧੱਕੇ ਮਾਰੇ, ਉਥੇ ਡੀ. ਸੀ. ਦਾ ਫਰਮਾਨ ਹੈ ਕਿ ਮੀਡੀਆ ਇਜਾਜ਼ਤ ਲੈ ਕੇ ਹੀ ਸਰਕਾਰੀ ਦਫ਼ਤਰਾਂ 'ਚ ਦਾਖਲ ਹੋਵੇ।

ਜਾਣਕਾਰੀ ਮੁਤਾਬਕ ਕੈਪਟਨ ਸਰਕਾਰ ਦਾ ਕਹਿਣਾ ਹੈ ਕਿ ਕੁਝ ਕਾਰਨਾਂ ਕਰ ਕੇ ਸਰਕਾਰੀ ਖਜ਼ਾਨਾ ਖਾਲੀ ਹੈ, ਜਿਸ ਕਰ ਕੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਹਨ। ਸਿੱਟੇ ਵਜੋਂ ਮੁਲਾਜ਼ਮ ਸੜਕਾਂ 'ਤੇ ਉੱਤਰ ਆਏ ਹਨ। ਅਜਿਹੀ ਸਥਿਤੀ 'ਚ ਡੀ. ਸੀ. ਦਫ਼ਤਰ ਬਠਿੰਡਾ ਦੇ ਨਵੀਨੀਕਰਨ 'ਤੇ ਲੱਖਾਂ ਰੁਪਏ ਖਰਚੇ ਜਾ ਰਹੇ ਹਨ। ਜੇਕਰ ਖਜ਼ਾਨਾ ਖਾਲੀ ਹੈ ਤਾਂ ਨਵੀਨੀਕਰਨ 'ਤੇ ਲੱਖਾਂ ਰੁਪਏ ਕਿਹੜੇ ਖਾਤੇ 'ਚੋਂ ਲਾਏ ਜਾ ਰਹੇ ਹਨ। ਜਦੋਂ ਕਿ ਇਸ ਦਫਤਰ ਨੂੰ ਨਵੀਨੀਕਰਨ ਦੀ ਜ਼ਰੂਰਤ ਵੀ ਨਹੀਂ ਸੀ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਇਸ ਦਫ਼ਤਰ ਦਾ ਨਵੀਨੀਕਰਨ ਹੋ ਚੁੱਕਾ ਹੈ। ਜੋ ਕਿ ਹਰੇਕ ਨਵਾਂ ਅਫਸਰ ਦਫ਼ਤਰ ਦਾ ਨਵੀਨੀਕਰਨ ਜ਼ਰੂਰ ਕਰਵਾਉਂਦਾ ਹੈ। ਉਹੀ ਕੁਝ ਹੁਣ ਵੀ ਚੱਲ ਰਿਹਾ ਹੈ। ਦੂਜੇ ਪਾਸੇ ਇਹ ਵੀ ਦੱਸਣਯੋਗ ਹੈ ਕਿ ਜ਼ਿਲੇ ਅੰਦਰ ਅਨੇਕਾਂ ਸਰਕਾਰੀ ਦਫ਼ਤਰ ਜਾਂ ਕੁਆਰਟਰ ਅਜਿਹੇ ਵੀ ਹਨ, ਜੋ ਇੰਨੇ ਖਸਤਾ ਹਨ ਕਿ ਕਿਸੇ ਵੀ ਸਮੇਂ ਡਿੱਗ ਸਕਦੇ ਹਨ। ਇਨ੍ਹਾਂ ਇਮਾਰਤਾਂ ਨੂੰ ਨਵੀਨੀਕਰਨ ਜਾਂ ਮੁਰੰਮਤ ਦੀ ਸਖ਼ਤ ਜ਼ਰੂਰਤ ਹੈ ਪਰ ਇਸ ਪਾਸੇ ਜ਼ਿਲਾ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ।

ਕਵਰੇਜ ਕਰਨ ਗਏ ਮੀਡੀਆ ਕਰਮਚਾਰੀਆਂ ਨਾਲ ਦੁਰ-ਵਿਵਹਾਰ
ਉਪਰੋਕਤ ਮਾਮਲੇ ਸਬੰਧੀ ਜਦੋਂ ਮੀਡੀਆ ਕਰਮਚਾਰੀ ਡੀ. ਸੀ. ਦਫ਼ਤਰ ਪਹੁੰਚੇ ਤਾਂ ਡੀ. ਸੀ. ਸਟਾਫ ਨੇ ਨਾ ਸਿਰਫ ਉਨ੍ਹਾਂ ਨੂੰ ਤਸਵੀਰਾਂ ਲੈਣ ਤੋਂ ਰੋਕਿਆ, ਬਲਕਿ ਕੈਮਰਾ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਇਕ ਸੀਨੀਅਰ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ। ਇਸ ਤੋਂ ਬਾਅਦ ਮੀਡੀਆ ਕਰਮਚਾਰੀਆਂ ਨੇ ਤਸਵੀਰਾਂ ਲਈਆਂ ਤੇ ਆਪਣੀ ਕਵਰੇਜ ਮੁਕੰਮਲ ਕਰ ਕੇ ਡੀ. ਸੀ. ਬਠਿੰਡਾ ਕੋਲ ਪਹੁੰਚ ਗਏ।

ਮੀਡੀਆ ਇਜਾਜ਼ਤ ਲੈ ਕੇ ਸਰਕਾਰੀ ਦਫ਼ਤਰਾਂ 'ਚ ਦਾਖਲ ਹੋਵੇ : ਡੀ. ਸੀ.
ਬੀ. ਸ਼੍ਰੀਨਿਵਾਸਨ ਡੀ. ਸੀ. ਬਠਿੰਡਾ ਦਾ ਕਹਿਣਾ ਸੀ ਕਿ ਪਹਿਲੀ ਗੱਲ ਤਾਂ ਦਫ਼ਤਰ 'ਤੇ ਖਰਚਣ ਲਈ ਡੀ. ਸੀ. ਕੋਲ ਰਾਖਵੇਂ ਫੰਡ ਹੁੰਦੇ ਹਨ, ਜਿਸ ਨੂੰ ਲੋੜ ਪੈਣ 'ਤੇ ਖਰਚਿਆ ਜਾ ਸਕਦਾ ਹੈ। ਮੀਡੀਆ ਕਰਮਚਾਰੀਆਂ ਨਾਲ ਦੁਰ-ਵਿਵਹਾਰ ਬਾਰੇ ਡੀ. ਸੀ. ਨੇ ਕਿਹਾ ਕਿ ਉਹ ਇਸ ਬਾਰੇ ਮੁਲਾਜ਼ਮਾਂ ਦੀ ਕਲਾਸ ਲੈਣਗੇ ਪਰ ਮੀਡੀਆ ਕਰਮਚਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਜਾਜ਼ਤ ਲੈ ਕੇ ਸਰਕਾਰੀ ਦਫ਼ਤਰ 'ਚ ਦਾਖਲ ਹੋਣ। ਪੱਤਰਕਾਰਾਂ ਦਾ ਕਹਿਣਾ ਸੀ ਕਿ ਕਵਰੇਜ ਕਰਨ ਸਮੇਂ ਉਕਤ ਕਮਰਾ ਖਾਲੀ ਸੀ, ਜਿਥੇ ਮਿਸਤਰੀ-ਮਜ਼ਦੂਰ ਹੀ ਕੰਮ ਕਰ ਰਹੇ ਸਨ। ਸਰਕਾਰੀ ਇਮਾਰਤ ਦੀ ਕਵਰੇਜ ਕਰਨ ਲਈ ਇਜਾਜ਼ਤ ਦੀ ਜ਼ਰੂਰਤ ਕਿਉਂ? ਪਰ ਡੀ. ਸੀ. ਬਜ਼ਿੱਦ ਹਨ ਕਿ ਡੀ. ਸੀ. ਦਫ਼ਤਰ 'ਚ ਕਵਰੇਜ ਲਈ ਇਜਾਜ਼ਤ ਲੈਣੀ ਜ਼ਰੂਰੀ ਹੈ।

ਪ੍ਰੈੱਸ ਕਲੱਬ ਬਠਿੰਡਾ ਹੋਇਆ ਸਖਤ
ਪ੍ਰੈੱਸ ਕਲੱਬ ਬਠਿੰਡਾ ਦੀ ਇਕ ਹੰਗਾਮੀ ਮੀਟਿੰਗ ਹੋਈ, ਜਿਸ 'ਚ ਫੈਸਲਾ ਲਿਆ ਗਿਆ ਕਿ ਮੁੱਖ ਸਕੱਤਰ, ਪੰਜਾਬ ਸਰਕਾਰ ਤੇ ਹੋਰ ਸੀਨੀਅਰ ਅਧਿਕਾਰੀਆਂ ਅੱਗੇ ਇਹ ਮਾਮਲਾ ਰੱਖਿਆ ਜਾਵੇਗਾ। ਜੇਕਰ ਇਨਸਾਫ ਨਾ ਹੋਇਆ ਤਾਂ ਪੱਤਰਕਾਰ ਸੰਘਰਸ਼ ਤੋਂ ਵੀ ਪਿਛਾਂਹ ਨਹੀਂ ਹਟਣਗੇ।


cherry

Content Editor

Related News