ਦੁਕਾਨ ਦੇ ਮਸਲੇ ਨੂੰ ਲੈ ਕੇ ਦੁਕਾਨਦਾਰ ਅਤੇ ਗੁਰਦੁਆਰੇ ਦੇ ਮੈਂਬਰ ਹੋਏ ਆਹਮੋ-ਸਾਹਮਣੇ

09/27/2019 3:18:59 PM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਅੱਜ ਬੱਸ ਸਟੈਂਡ ਰੋਡ ਬਰਨਾਲਾ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋਰ ਗਿਆ ਜਦੋਂ ਇਕ ਦੁਕਾਨ ਦੇ ਮਸਲੇ ਨੂੰ ਲੈ ਕੇ ਦੁਕਾਨਦਾਰ ਅਤੇ ਸ੍ਰੀ ਗੁਰਦੁਆਰਾ ਸਿੰਘ ਸਭਾ ਬਰਨਾਲਾ ਦੇ ਮੈਂਬਰ ਆਹਮਣੇ-ਸਾਹਮਣੇ ਹੋ ਗਏ। ਦੁਕਾਰਨਦਾਰ ਵੱਲੋਂ ਆਪਣੇ ਸਮਰਥਕਾਂ ਨਾਲ ਸੜਕ 'ਤੇ ਜਾਮ ਲੱਗਾ ਦਿੱਤਾ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੌਕੇ 'ਤੇ ਥਾਣਾ ਸਿਟੀ 1 ਦੇ ਐਸ.ਐਚ.ਓ ਇੰਸਪੈਕਟਰ ਗੁਰਵੀਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਪੁੱਜੇ ਅਤੇ ਦੋਵਾਂ ਧਿਰਾਂ ਦੀ ਗੱਲ ਸੁਣੀ। ਇੰਨੇ 'ਚ ਡੀ.ਐਸ.ਪੀ ਸਿਟੀ ਰਾਜੇਸ਼ ਛਿੱਬਰ ਨੇ ਮੌਕੇ 'ਤੇ ਪਹੁੰਚਕੇ ਜਾਮ ਖੁੱਲ੍ਹਵਾਇਆ।

PunjabKesari

ਕੀ ਹੈ ਮਾਮਲਾ
ਗੱਲਬਾਤ ਕਰਦਿਆਂ ਦੁਕਾਨਦਾਰ ਮਦਨ ਲਾਲ ਪੁੱਤਰ ਕੁੰਦਨ ਲਾਲ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਨੇ ਇਹ ਦੁਕਾਨ ਗੁਰਮੀਤ ਕੌਰ ਕੋਲੋਂ ਪਗੜੀ 'ਤੇ ਲਈ ਸੀ। ਗੁਰਦੁਆਰਾ ਕਮੇਟੀ ਦੇ ਮੈਂਬਰ ਉਸ ਦੇ ਨਾਂ 'ਤੇ ਦੁਕਾਨ ਦਾ ਪੱਟਾ ਕਰਨ ਦੇ ਏਵਜ਼ 'ਚ ਪੈਸਿਆਂ ਦੀ ਮੰਗ ਕਰ ਰਹੇ ਹਨ, ਜਿਸ ਸਬੰਧੀ ਉਸ ਨੇ ਮਾਨਯੋਗ ਅਦਾਲਤ 'ਚ ਕੇਸ ਦਰਜ ਕਰਵਾਇਆ ਹੋਇਆ ਹੈ। ਅੱਜ ਜਦੋਂ ਉਹ ਕੋਰਟ 'ਚ ਦੁਕਾਨ ਦੇ ਕੇਸ ਸਬੰਧੀ ਗਿਆ ਹੋਇਆ ਸੀ ਤਾਂ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਨੇ ਉਸ ਦੀ ਦੁਕਾਨ ਦੇ ਜਿੰਦਰੇ ਤੋੜ ਕੇ ਦੁਕਾਨ ਅੰਦਰ ਭੰਨਤੋੜ ਕੀਤੀ, ਜਿਸ ਦੇ ਵਿਰੋਧ 'ਚ ਉਨ੍ਹਾਂ ਨੇ ਸੜਕ ਜਾਮ ਕੀਤੀ ਹੈ। 

PunjabKesari

ਕੀ ਕਹਿੰਦੇ ਹਨ ਕਮੇਟੀ ਮੈਂਬਰ
ਗੱਲਬਾਤ ਕਰਦਿਆਂ ਸ੍ਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਤੇਜਾ ਸਿੰਘ ਜਾਗਲ ਅਤੇ ਮੈਂਬਰ ਰਣਜੀਤ ਸਿੰਘ ਆਦਿ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀਆਂ 59 ਦੁਕਾਨਾਂ 'ਚੋਂ 54 ਨੰਬਰ ਦੁਕਾਨ ਗੁਰਮੀਤ ਕੌਰ ਨੂੰ ਕਿਰਾਏ 'ਤੇ ਦਿੱਤੀ ਹੋਈ ਸੀ ਜਿਸ ਨੇ ਕੁੱਝ ਸਮਾਂ ਪਹਿਲਾਂ ਅਸ਼ਟਾਮ 'ਤੇ ਲਿਖ ਕੇ ਦੁਕਾਨ ਸ੍ਰੀ ਗੁਰਦੁਆਰਾ ਸਿੰਘ ਸਭਾ ਦੇ ਸਪੁਰਦ ਕਰ ਦਿੱਤੀ ਸੀ। ਦੁਕਾਨਦਾਰ ਮਦਨ ਲਾਲ ਨੂੰ ਸ੍ਰੀ ਗੁਰਦੁਆਰਾ ਸਿੰਘ ਸਭਾ ਵੱਲੋਂ ਕੋਈ ਦੁਕਾਨ ਕਿਰਾਏ 'ਤੇ ਨਹੀਂ ਦਿੱਤੀ ਗਈ। ਜੇਕਰ ਉਨ੍ਹਾਂ ਕੋਲ ਕੋਈ ਕਾਗਜ਼ ਪੱਤਰ ਹੈ ਤਾਂ ਉਹ ਪ੍ਰਸ਼ਾਸ਼ਨ ਅਤੇ ਸਾਨੂੰ ਦਿਖਾ ਸਕਦੇ ਹਨ। ਦੁਕਾਨਦਾਰ ਮਦਨ ਲਾਲ ਵੱਲੋਂ ਪੈਸਿਆਂ ਸਬੰਧੀ ਮੰਗ ਨੂੰ ਉਨ੍ਹਾਂ ਨੇ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਦੁਕਾਨ 'ਤੇ ਸ੍ਰੀ ਗੁਰਦੁਆਰਾ ਸਿੰਘ ਸਭਾ ਦੀ ਹੀ ਮਾਲਕੀ ਹੈ। ਮਾਨਯੋਗ ਅਦਾਲਤ ਨੂੰ ਗੁੰਮਰਾਹ ਕਰਕੇ ਦੁਕਾਨਦਾਰ ਮਦਨ ਲਾਲ ਨੇ ਕੇਸ ਦਾਇਰ ਕੀਤਾ ਸੀ ਜਿਸ ਨੂੰ ਮਾਨਯੋਗ ਅਦਾਲਤ ਨੇ ਰੱਦ ਕਰ ਦਿੱਤਾ। ਪੁਲਸ ਦੁਕਾਨ ਨੂੰ ਜਿੰਦਰਾ ਲਗਾ ਕੇ ਦੋਵਾਂ ਧਿਰਾਂ ਨੂੰ ਆਪਣੇ ਨਾਲ ਥਾਣੇ ਲੈ ਗਈ।

PunjabKesari

ਕੀ ਕਹਿੰਦੇ ਹਨ ਐਸ.ਐਚ.ਓ
ਜਦੋਂ ਇਸ ਮਾਮਲੇ ਸਬੰਧੀ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ ਇੰਸਪੈਕਟਰ ਗੁਰਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀ ਗੱਲਬਾਤ ਸੁਨਣ ਉਪਰੰਤ ਕਾਗਜ਼ਾਤ ਚੈਕ ਕਰਕੇ ਜੋ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।


cherry

Content Editor

Related News