ਬਰਨਾਲਾ ਦਾ ਕਿਸਾਨ ਡ੍ਰੈਗਨ ਫਰੂਟ ਦੀ ਖੇਤੀ ਨਾਲ ਕਮਾ ਰਿਹੈ ਲੱਖਾਂ ਰੁਪਏ
Tuesday, Dec 17, 2019 - 04:28 PM (IST)
ਬਰਨਾਲਾ (ਪੁਨੀਤ ਮਾਨ) : ਬਰਨਾਲਾ ਜ਼ਿਲੇ ਦੇ ਪਿੰਡ ਠੁੱਲੇਵਾਲ ਦੇ ਕਿਸਾਨ ਬੰਤ ਸਿੰਘ ਨੇ ਆਪਣੇ ਖੇਤ ਵਿਚ ਨਰਸਰੀ ਤਿਆਰ ਕੀਤੀ ਹੈ, ਜਿਸ ਵਿਚ ਉਸ ਨੇ ਵਿਦੇਸ਼ੀ ਫਲ ਡ੍ਰੈਗਨ ਫਰੂਟ ਸਮੇਤ ਕਈ ਤਰ੍ਹਾਂ ਦੀ ਮਹਿੰਗੀ ਲਕੜੀ ਦੇ ਬੂਟੇ ਤਿਆਰ ਕੀਤੇ ਹਨ। ਕਿਸਾਨ ਨੇ ਦੱਸਿਆ ਕਿ ਉਹ ਖੁਦ ਵੀ ਡ੍ਰੈਗਨ ਫਰੂਟ ਦੀ ਖੇਤੀ ਕਰਦਾ ਹੈ ਅਤੇ ਲੋਕ ਵੀ ਉਨ੍ਹਾਂ ਕੋਲੋਂ ਬੂਟੇ ਲੈ ਕੇ ਜਾਂਦੇ ਹਨ। ਕਿਸਾਨ ਨੇ ਦੱਸਿਆ ਕਿ ਉਹ ਪਿਛਲੇ 3 ਸਾਲ ਤੋਂ ਡਰੈਗਨ ਫਰੂਟ ਦੀ ਖੇਤੀ ਕਰ ਰਿਹਾ ਹੈ।
ਪਹਿਲਾਂ ਉਸ ਨੇ ਥੋੜ੍ਹੀ ਜ਼ਮੀਨ 'ਤੇ ਡ੍ਰੈਗਨ ਫਰੂਟ ਦੀ ਖੇਤੀ ਕੀਤੀ ਸੀ ਅਤੇ ਚੰਗਾ ਮੁਨਾਫਾ ਹੋਣ ਦੇ ਬਾਅਦ ਹੁਣ 1 ਏਕੜ ਵਿਚ 500 ਦੇ ਕਰੀਬ ਪੋਲ ਲਗਾ ਕੇ ਖੇਤੀ ਕੀਤੀ ਹੈ। ਡ੍ਰੈਗਨ ਫ਼ਰੂਟ ਦੀ ਫ਼ਸਲ ਫਰਵਰੀ ਮਹੀਨੇ ਵਿਚ ਲੱਗਦੀ ਹੈ ਤੇ ਅਗਸਤ ਤੱਕ ਤਿਆਰ ਹੋ ਜਾਂਦੀ ਹੈ। ਕਿਸਾਨ ਮੁਤਾਬਕ ਇਕ ਏਕੜ ਵਿਚ 450 ਤੋਂ 500 ਪੋਲ ਲੱਗ ਜਾਂਦੇ ਹਨ ਅਤੇ 5 ਲੱਖ ਰੁਪਏ ਪ੍ਰਤੀ ਏਕੜ ਕਮਾਈ ਹੋ ਸਕਦੀ ਹੈ। ਬੰਤ ਸਿੰਘ ਆਪਣੇ ਖੇਤਾਂ ਵਿਚ ਚੰਦਨ, ਅਗਰਵੁੱਡ, ਮਹਾਗੁਣੀਆ ਵਰਗੀਆਂ ਮਹਿੰਗੀਆਂ ਲੱਕੜਾਂ ਦੇ ਬੂਟੇ ਵੀ ਤਿਆਰ ਕਰਦੇ ਹਨ ਅਤੇ ਇਨ੍ਹਾਂ ਬੂਟਿਆਂ ਦੀ ਲਕੜੀ ਮਾਰਕੀਟ ਵਿਚ 5 ਹਜ਼ਾਰ ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਹੀ ਹੈ।
ਦੱਸ ਦੇਈਏ ਕਿ ਡ੍ਰੈਗਨ ਫਰੂਟ ਦਾ ਇਕ ਪੌਦਾ 15 ਤੋਂ 20 ਸਾਲ ਤੱਕ ਲਗਾਤਾਰ ਫਲ ਦਿੰਦਾ ਹੈ। ਇਕ ਪੌਦੇ ਤੋਂ ਹਰ ਸਾਲ 10 ਕਿੱਲੋ ਤੱਕ ਫਰੂਟ ਲਿਆ ਜਾ ਸਕਦਾ ਹੈ। ਯਾਨੀ ਇਕ ਏਕੜ ਵਿਚੋਂ ਇਕ ਸਾਲ ਵਿਚ 50 ਕੁਇੰਟਲ ਫਲ ਨਿਕਲਦਾ ਹੈ ਅਤੇ ਇਕ ਸਾਲ ਦੀ ਕਮਾਈ 5 ਲੱਖ ਹੋ ਸਕਦੀ ਹੈ। ਬੰਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਕਿਸਾਨ ਉਸ ਕੋਲ ਇਸ ਖੇਤੀ ਦੀ ਜਾਣਕਾਰੀ ਲਈ ਆਉਂਦੇ ਹਨ।