ਬਰਨਾਲਾ : 14 ਜਥੇਬੰਦੀਆਂ ਨੇ ਮਿਲ ਕੇ ਕੀਤਾ CAA ਖਿਲਾਫ ਜ਼ਬਰਦਸਤ ਪ੍ਰਦਰਸ਼ਨ

Monday, Feb 24, 2020 - 04:30 PM (IST)

ਬਰਨਾਲਾ : 14 ਜਥੇਬੰਦੀਆਂ ਨੇ ਮਿਲ ਕੇ ਕੀਤਾ CAA ਖਿਲਾਫ ਜ਼ਬਰਦਸਤ ਪ੍ਰਦਰਸ਼ਨ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਵਿਚ ਅੱਜ 14 ਜਥੇਬੰਦੀਆਂ ਵੱਲੋਂ ਸੀ.ਏ.ਏ. ਦੇ ਵਿਰੋਧ ਵਿਚ ਵਿਸ਼ਾਲ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ। ਬਰਨਾਲਾ ਦੀ ਦਾਣਾ ਮੰਡੀ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮੋਦੀ-ਸ਼ਾਹ ਹਕੂਮਤ ਵੱਲੋਂ ਹਕੂਮਤੀ ਗੱਦੀ ਦੀ ਦੂਸਰੀ ਪਾਰੀ ਸੰਭਾਲਣ ਤੋਂ ਬਾਅਦ ਆਪਣੇ ਅਸਲ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਅਗਸਤ ਮਹੀਨੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਅਤੇ 35 ਏ ਦਾ ਭੋਗ ਪਾ ਕੇ ਜੰਮੂ-ਕਸ਼ਮੀਰ ਦੇ ਪੂਰੇ ਰਾਜ ਦਾ ਦਰਜਾ ਹੀ ਖਤਮ ਕਰ ਦਿੱਤਾ ਸੀ। ਨਵੰਬਰ ਮਹੀਨੇ ਰਾਮ ਜਨਮ ਭੂਮੀ ਬਾਬਰੀ ਮਸਜਿਦ ਦਾ ਫੈਸਲਾ ਜਬਰੀ ਹਿੰਦੂਤਵੀਆਂ ਦੇ ਪੱਖ 'ਚ ਕਰਵਾ ਕੇ ਘੱਟ ਗਿਣਤੀਆਂ ਨੂੰ ਖਤਰੇ ਦੀ ਆਹਟ ਸੁਣਾ ਦਿੱਤੀ ਸੀ। 12 ਦਸੰਬਰ ਨੂੰ ਰਾਸ਼ਟਰਪਤੀ ਨੇ ਨਾਗਿਰਕਤਾ ਸੋਧ ਕਾਨੂੰਨ 'ਤੇ ਮੋਹਰ ਲਗਾ ਕੇ ਘੱਟ ਗਿਣਤੀਆਂ ਲਈ ਦੇਸ਼ ਨਿਕਾਲੇ ਦਾ ਫੁਰਮਾਨ ਜਾਰੀ ਕਰ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਇਹ ਰੋਸ ਮਾਰਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚੋਂ ਕੱਢਿਆ ਜਾਵੇਗਾ ਅਤੇ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਮਾਲੇਰਕੋਟਲਾ ਵਿਚ ਇਸ ਕਾਨੂੰਨ ਖਿਲਾਫ ਔਰਤਾਂ ਨੂੰ ਵੱਡੀ ਗਿਣਤੀ ਵਿਚ ਇਕੱਠਾ ਕੀਤਾ ਜਾਏਗਾ। ਅੱਜ ਦੇ ਇਸ ਇਕੱਠ ਨੂੰ ਰੂਪ ਸਿੰਘ ਛੰਨਾਂ, ਚਮਕੌਰ ਸਿੰਘ ਨੈਣੇਵਾਲ, ਦਰਸ਼ਨ ਸਿੰਘ ਉਗੋਕੇ, ਜਰਨੈਲ ਸਿੰਘ ਬਦਰਾ, ਜਗਰਾਜ ਸਿੰਘ ਹਰਦਾਸਪੁਰਾ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।


author

cherry

Content Editor

Related News