ਅਲਾਰਮ ਵੱਜਣ ਨਾਲ ਬੈਂਕ ’ਚ ਚੋਰੀ ਕਰ ਰਹੇ 2 ਚੋਰ ਗ੍ਰਿਫਤਾਰ

Saturday, Jan 12, 2019 - 03:05 AM (IST)

ਅਲਾਰਮ ਵੱਜਣ ਨਾਲ ਬੈਂਕ ’ਚ ਚੋਰੀ ਕਰ ਰਹੇ 2 ਚੋਰ ਗ੍ਰਿਫਤਾਰ

ਸੰਗਤ ਮੰਡੀ, (ਮਨਜੀਤ)- ਪਿੰਡ ਘੁੱਦਾ ਵਿਖੇ ਪਿੰਡ ਦੇ ਬਾਹਰਲੇ ਪਾਸੇ ਬਠਿੰਡਾ-ਬਾਦਲ ਸਡ਼ਕ ’ਤੇ ਬਣੇ ਸਹਿਕਾਰੀ ਬੈਂਕ ’ਚ ਬੀਤੀ ਰਾਤ ਚੋਰਾਂ ਵੱਲੋਂ ਪਾਡ਼ ਲਾ ਲਿਆ ਗਿਆ ਪਰ ਉਹ ਚੋਰੀ ਕਰਨ ’ਚ ਸਫਲ ਹੁੰਦੇ ਇਸ ਤੋਂ ਪਹਿਲਾਂ ਹੀ ਪੁਲਸ ਨੇ ਦੋਵਾਂ ਨੂੰ ਮੌਕੇ ’ਤੇ ਪਹੁੰਚ ਕੇ ਕਾਬੂ ਕਰ ਲਿਆ। ਘਟਨਾ ਦਾ ਪਤਾ ਲੱਗਦਿਆਂ ਹੀ ਬਠਿੰਡਾ ਦਿਹਾਤੀ ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਵੱਲੋਂ ਵੀ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ 2.45 ’ਤੇ ਚੋਰ ਬੈਂਕ ਦੇ ਬਾਹਰਲੇ ਪਾਸੇ ਲੱਗੀ ਖਿਡ਼ਕੀ ਨੂੰ ਕਟਰ ਨਾਲ ਕੱਟ ਕੇ ਬੈਂਕ ’ਚ ਦਾਖਲ ਹੋਏ। ਉਸ ਤੋਂ ਬਾਅਦ ਚੋਰਾਂ ਵੱਲੋਂ ਸੇਫ ਦੇ ਅੱਗੇ ਲੱਗੇ ਦਰਵਾਜ਼ੇ ਨੂੰ ਤੋਡ਼ਿਆ ਗਿਆ। ਚੋਰਾਂ ਵੱਲੋਂ ਜਦੋਂ ਸੇਫ ’ਤੇ ਲੱਗੇ ਅਲਾਰਮ ਸਿਸਟਮ ਨਾਲ ਛੇਡ਼ਛਾਡ਼ ਕੀਤੀ ਗਈ ਤਾਂ ਇਸ ਅਲਾਰਮ ਦਾ ਕੋਡ ਬੈਂਕ ਦੇ ਕੈਸ਼ੀਅਰ ਤੇ ਗਾਰਡ ਦੇ ਮੋਬਾਇਲ  ’ਤੇ ਲੱਗਿਆ ਹੋਣ  ਕਾਰਨ ਉਨ੍ਹਾਂ ਨੂੰ ਫੋਨ ਆ ਗਿਆ ਜਿਨ੍ਹਾਂ ਨੇ ਸਮਾਂ ਰਹਿੰਦੇ ਘਟਨਾ ਦੀ ਜਾਣਕਾਰੀ ਥਾਣਾ ਨੰਦਗਡ਼੍ਹ ਪੁਲਸ ਨੂੰ ਦਿੱਤੀ। ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਦੋਵਾਂ ਪ੍ਰਵਾਸੀਆਂ  ਨੂੰ ਕਾਬੂ ਕਰ ਲਿਆ ਗਿਆ ਜਦਕਿ ਦੋ ਵਿਅਕਤੀ ਫਰਾਰ ਹੋਣ ’ਚ ਸਫਲ ਹੋ ਗਏ। ਦੱਸਣਾ ਬਣਦਾ ਹੈ  ਕਿ ਰਾਤ ਸਮੇਂ ਬੈਂਕ ਦੀ ਸੁਰੱਖਿਆ ਲਈ ਕੋਈ ਵੀ ਸੁਰੱਖਿਆ ਗਾਰਡ ਤਾਇਨਾਤ ਨਹੀਂ ਹੈ। 
 ਸੇਫ ’ਚ ਸੀ ਢਾਈ ਲੱਖ ਦੇ ਕਰੀਬ ਕੈਸ਼ : ਕੈਸ਼ੀਅਰ 
 ਜਦੋਂ ਚੋਰੀ ਸਬੰਧੀ ਬੈਂਕ ਦੇ ਕੈਸ਼ੀਅਰ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੇਫ ’ਚ ਢਾਈ ਲੱਖ ਦੇ ਕਰੀਬ ਕੈਸ਼ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਕਟਰ ਦੀ ਸਹਾਇਤਾ ਨਾਲ ਬੈਂਕ ’ਚ ਪਾਡ਼ ਲਾਇਆ ਗਿਆ। ਉਨ੍ਹਾਂ ਵੱਲੋਂ ਬੈਂਕ ’ਚ ਦਾਖਲ ਹੋ ਕੇ ਸੇਫ ਦੇ ਦਰਵਾਜ਼ੇ ਸਮੇਤ ਹੋਰ ਕਾਫੀ ਸਾਮਾਨ ਦੀ ਭੰਨ-ਤੋਡ਼ ਕੀਤੀ ਗਈ ਪਰ ਉਹ ਚੋਰੀ ਕਰਨ ’ਚ ਅਸਫਲ ਰਹੇ। ਉਨ੍ਹਾਂ ਦੱਸਿਆ ਕਿ ਡੀ. ਵੀ. ਆਰ. ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੋਰੀ ਦਾ ਪਤਾ ਅਲਾਰਮ ਤੋਂ ਮੋਬਾਇਲ ’ਤੇ ਆਏ ਫੋਨ ਤੋਂ ਲੱਗਾ ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। 
ਦੋਵੇਂ  ਦੋਸ਼ੀ ਇਕ ਦਿਨਾ ਪੁਲਸ ਰਿਮਾਂਡ ’ਤੇ : ਸਹਾਇਕ ਥਾਣੇਦਾਰ 
 ਜਦੋਂ ਇਸ ਸਬੰਧੀ ਥਾਣਾ ਨੰਦਗਡ਼੍ਹ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੇਫ ’ਤੇ ਲੱਗੇ ਅਲਾਰਮ ਦਾ ਕੋਡ ਥਾਣਾ ਮੁਖੀ ਦੇ ਮੋਬਾਇਲ ’ਤੇ ਲੱਗਾ ਸੀ, ਜਦੋਂ ਫੋਨ ’ਤੇ ਮੈਸੇਜ ਆਇਆ ਤਾਂ ਉਨ੍ਹਾਂ ਤੁਰੰਤ ਪੁਲਸ ਪਾਰਟੀ ਸਮੇਤ ਪਹੁੰਚ ਕੇ ਦੋਵਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦਾ ਨਾਂ ਪ੍ਰੇਮ ਕੁਮਾਰ ਪੁੱਤਰ ਜਸ਼ਨਦੀਦ ਵਾਸੀ ਮੁਗੇਰ (ਬਿਹਾਰ) ਅਤੇ ਵਿਕੇਸ ਕੁਮਾਰ ਪੁੱਤਰ ਸਲੀਗ ਰਾਮ ਵਾਸੀ ਅਸੀਆ ਚੱਕ ਬਹਾਲਪੁਰ (ਬਿਹਾਰ) ਦੇ ਤੌਰ ’ਤੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੈਂਕ ਦੇ ਮੈਨੇਜਰ ਸੁਰਿੰਦਰ ਕੁਮਾਰ ਪੁੱਤਰ ਸ਼ਾਮ ਲਾਲ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ ਦੋਵਾਂ ਦਾ ਇਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਚੋਰੀ ਨੂੰ ਕਿਸ ਤਰ੍ਹਾਂ ਦਿੱਤਾ ਅੰਜਾਮ
  ਪ੍ਰੇਮ ਕੁਮਾਰ ਤੇ ਵਿਕੇਸ ਕੁਮਾਰ ਦੋਵੇਂ ਮੂਲ ਰੂਪ ਤੋਂ ਬਿਹਾਰ ਦੇ ਵਸਨੀਕ ਹਨ। ਇਹ ਦੋਵੇਂ ਪੱਥਰ ਰਗਡ਼ਾਈ ਦਾ ਕੰਮ ਕਰਦੇ ਹਨ। ਦੋ ਮਹੀਨੇ ਪਹਿਲਾਂ ਇਹ ਦੋਵੇਂ ਘੁੱਦਾ ਵਿਖੇ ਬਣੀ ਕੇਂਦਰੀ ਯੂਨੀਵਰਸਿਟੀ ’ਚ ਕੰਮ ਦੀ ਤਲਾਸ਼ ’ਚ ਆਏ ਸਨ, ਜਿਨ੍ਹਾਂ ਨੇ ਉਸ ਸਮੇਂ ਬੈਂਕ ਦੀ ਰੈਕੀ ਕੀਤੀ। ਇਨ੍ਹਾਂ ਦੋਵਾਂ ਨੇ ਪੁਲਸ ਕੋਲ ਮੰਨਿਆ ਕਿ ਉਹ ਰਾਤ ਹੀ ਬਿਹਾਰ ਤੋਂ ਬਠਿੰਡਾ ਆਏ ਸਨ ਅਤੇ ਪੈਦਲ ਤੁਰ ਕੇ ਪਿੰਡ ਘੁੱਦਾ ਪਹੁੰਚੇ ਸਨ। ਇਨ੍ਹਾਂ ਕੋਲੋਂ ਪੁਲਸ ਨੇ ਇਕ ਕਟਰ, ਲੋਹੇ ਦੀ ਸੱਬਲ, ਇਕ ਡਰਿੱਲ ਮਸ਼ੀਨ, ਪਲਾਸ ਅਤੇ ਇਕ ਬਿਜਲੀ ਦੀ ਤਾਰ ਵਾਲਾ ਬੋਰਡ ਬਰਾਮਦ ਕੀਤਾ ਹੈ।  
 


author

KamalJeet Singh

Content Editor

Related News