ਘਰ ’ਚ ਗੇਂਦ ਲੈਣ ਗਏ ਬੱਚਿਆਂ ਨਾਲ ਹੋਈ ਬਹਿਸ, ਰਾਡ ਨਾਲ ਕੀਤਾ ਹਮਲਾ
Saturday, Jun 08, 2024 - 05:56 PM (IST)
ਲੁਧਿਆਣਾ (ਰਿਸ਼ੀ) : ਕ੍ਰਿਕਟ ਖੇਡਦੇ ਸਮੇਂ ਘਰ ’ਚ ਗਈ ਗੇਂਦ ਲੈਣ ਲਈ ਜਦੋਂ ਬੱਚੇ ਗਏ ਤਾਂ ਘਰ ਦਾ ਮਾਲਕ ਬਹਿਸ ਕਰਨ ਲੱਗ ਪਿਆ। ਇਸ ਦੌਰਾਨ ਜਦੋਂ ਬੱਚਿਆਂ ਦੇ ਪਰਿਵਾਰਕ ਮੈਂਬਰ ਉਥੇ ਪਹੁੰਚੇ ਤਾਂ ਉਥੇ ਲੜਾਈ ਹੋ ਗਈ। ਇਸ ਮਾਮਲੇ ’ਤੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਸਤਪਾਲ ਅਰੋੜਾ ਨਿਵਾਸੀ ਜੰਮੂ-ਕਾਲੋਨੀ ਦੀ ਸ਼ਿਕਾਇਤ ’ਤੇ ਰੌਬਿਨ ਵਰਮਾ, ਉਸਦੇ ਪਿਤਾ ਸੰਦੀਪ, ਪਤਨੀ ਮੋਨਿਕਾ, ਮੇਵਾ ਲਾਲ, ਵਿਸ਼ਵਜੀਤ ਅਤੇ ਰਾਹੁਲ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜ਼ਖਮੀ ਨੇ ਦੱਸਿਆ ਕਿ ਬੀਤੀ 3 ਜੂਨ ਰਾਤ 9.30 ਵਜੇ ਬੇਟਾ ਪਿਯੂਸ਼ ਅਰੋੜਾ ਆਪਣੇ ਦੋਸਤਾਂ ਦੇ ਨਾਲ ਘਰ ਦੇ ਬਾਹਰ ਕ੍ਰਿਕਟ ਖੇਡ ਰਿਹਾ ਸੀ। ਖੇਡਦੇ ਸਮੇਂ ਗੇਂਦ ਉਕਤ ਦੋਸ਼ੀ ਦੇ ਰੌਬਿਨ ਦੇ ਘਰ ਚਲੀ ਗਈ ਜਦੋਂ ਬੱਚੇ ਗੇਂਦ ਲੈਣ ਘਰ ਗਏ ਤਾਂ ਮੁਲਜ਼ਮ ਬਹਿਸ ਕਰਨ ਲੱਗ ਪਿਆ। ਰੌਲਾ ਸੁਣ ਕੇ ਜਦੋਂ ਆਪਣੇ ਦੋਸਤ ਸੋਨੂੰ ਅਰੋੜਾ ਨਾਲ ਮੌਕੇ ’ਤੇ ਪਹੁੰਚਿਆ ਤਾਂ ਸਾਰੇ ਮੁਲਜ਼ਮਾਂ ਨੇ ਲੋਹੇ ਦੀ ਰਾਡ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਰੌਲਾ ਪਾਉਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਹ ਫਰਾਰ ਹੋ ਗਿਆ।