ਅਵਿਨਾਸ਼ ਖੰਨਾ ਨੇ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ
Tuesday, Aug 06, 2019 - 12:08 PM (IST)
ਪਟਿਆਲਾ (ਬਲਜਿੰਦਰ)—ਪਟਿਆਲਾ ਦੇ ਸਥਾਨਕ ਰਣਜੀਤ ਸਿੰਘ ਵਾਸੀ ਗੁਰਚਰਨ ਸਿੰਘ ਦੇ ਨੌਜਵਾਨ 23 ਸਾਲਾ ਪੁੱਤਰ ਹਰਮਨਦੀਪ ਸਿੰਘ ਦੀ ਕੈਨੇਡਾ ਵਿਚ ਪਿਛਲੇ ਮਹੀਨੇ ਦੀ 25-26 ਤਾਰੀਖ ਨੂੰ ਅਚਾਨਕ ਮੌਤ ਹੋ ਗਈ ਸੀ ਪਰ ਅਜੇ ਤੱਕ ਨੌਜਵਾਨ ਦੀ ਲਾਸ਼ ਪਟਿਆਲਾ ਨਹੀਂ ਪੁੱਜ ਸਕੀ। ਮ੍ਰਿਤਕ ਦੇ ਪਰਿਵਾਰ ਦੀ ਬਾਂਹ ਫੜਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ-ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਭਾਰਤੀ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈ ਸ਼ੰਕਰ ਨੂੰ ਪੱਤਰ ਲਿਖਿਆ ਹੈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦੇਸ਼ ਮੰਤਰਾਲਾ ਕੈਨੇਡਾ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਨੌਜਵਾਨ ਦੀ ਲਾਸ਼ ਭਾਰਤ ਲਿਆਉਣ ਦਾ ਢੁਕਵਾਂ ਪ੍ਰਬੰਧ ਕਰੇ। ਮ੍ਰਿਤਕ ਹਰਮਨਦੀਪ ਸਿੰਘ ਦੇ ਪਿਤਾ ਅਨੁਸਾਰ ਉਨ੍ਹਾਂ ਆਪਣੇ ਪੁੱਤਰ ਨੂੰ 2 ਨਵੰਬਰ 2017 ਨੂੰ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ। ਮ੍ਰਿਤਕ 2 ਭੈਣਾਂ ਦਾ ਇਕੱਲਾ ਭਰਾ ਸੀ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋ ਨੇ ਮਾਮਲਾ ਮੀਡੀਆ ਵਿਚ ਆਉਣ 'ਤੇ ਮ੍ਰਿਤਕ ਦੇ ਪਰਿਵਾਰ ਨਾਲ ਰਾਬਤਾ ਕਾਇਮ ਕਰ ਕੇ ਇਹ ਸਾਰੀ ਘਟਨਾ ਅਵਿਨਾਸ਼ ਰਾਏ ਖੰਨਾ ਦੇ ਧਿਆਨ ਵਿਚ ਲਿਆਂਦੀ ਸੀ।