ਬੱਸ ਦੀ ਖਿੜਕੀ ਖੋਲ੍ਹਣ ਦਾ ਵਿਰੋਧ ਕਰਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 2 ਭਰਾ ਜ਼ਖ਼ਮੀ
Saturday, Dec 07, 2024 - 04:09 AM (IST)
ਅਬੋਹਰ (ਸੁਨੀਲ) - ਬੀਤੀ ਸ਼ਾਮ ਉਪਮੰਡਲ ਦੇ ਪਿੰਡ ਦੀਵਾਨਖੇੜਾ ਦੇ ਰਹਿਣ ਵਾਲੇ ਦੋ ਭਰਾਵਾਂ ’ਤੇ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।
ਹਸਪਤਾਲ ਵਿਚ ਜ਼ੇਰੇ ਇਲਾਜ ਰਵੀ ਕੁਮਾਰ ਪੁੱਤਰ ਕੰਵਰ ਲਾਲ ਨੇ ਦੱਸਿਆ ਕਿ ਉਸ ਦੀ ਸ੍ਰੀਗੰਗਾਨਗਰ ਵਿਚ ਲੈਮੀਨੇਸ਼ਨ ਦੀ ਦੁਕਾਨ ਹੈ। ਜਿਸ ਵਿਚ ਉਹ ਅਤੇ ਉਸ ਦਾ ਭਰਾ ਰਾਹੁਲ ਕੰਮ ਕਰਦੇ ਹਨ ਅਤੇ ਹਰ ਰੋਜ਼ ਬੱਸ ਰਾਹੀਂ ਸਫ਼ਰ ਕਰਦੇ ਹਨ।
ਬੀਤੀ ਦੇਰ ਸ਼ਾਮ ਵੀ ਜਦੋਂ ਉਹ ਬੱਸ ਰਾਹੀਂ ਘਰ ਪਰਤ ਰਹੇ ਸੀ ਤਾਂ ਰਸਤੇ ਵਿਚ ਕੁਝ ਨੌਜਵਾਨਾਂ ਨੇ ਖਿੜਕੀ ਖੋਲ੍ਹ ਦਿੱਤੀ, ਜਦੋਂ ਉਨ੍ਹਾਂ ਨੇ ਠੰਢੀ ਹਵਾ ਆਉਣ ਦਾ ਕਹਿ ਕੇ ਖਿੜਕੀ ਬੰਦ ਕਰਨ ਲਈ ਕਿਹਾ ਤਾਂ ਉਕਤ ਨੌਜਵਾਨਾਂ ਨੇ ਉਨ੍ਹਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ।
ਜਿਸ ’ਤੇ ਬੱਸ ਕੰਡਕਟਰ ਨੇ ਇਕ ਵਾਰ ਤਾਂ ਮਾਮਲਾ ਸ਼ਾਂਤ ਕਰਵਾਇਆ ਪਰ ਜਦੋਂ ਉਹ ਗਿੱਦੜਾਂਵਾਲੀ ਬੱਸ ਸਟੈਂਡ ’ਤੇ ਉਤਰ ਕੇ ਆਪਣੇ ਘਰ ਨੂੰ ਜਾਣ ਲੱਗੇ ਤਾਂ ਉਕਤ ਨੌਜਵਾਨਾਂ ਨੇ ਉਥੇ ਬੁਲਾਏ ਆਪਣੇ ਦਰਜਨ ਭਰ ਨੌਜਵਾਨਾਂ ਨਾਲ ਮਿਲ ਕੇ ਉਨ੍ਹਾਂ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜਦੋਂ ਆਸਪਾਸ ਦੇ ਲੋਕਾਂ ਨੇ ਰੌਲਾ ਪਾਇਆ ਤਾਂ ਮੁਲਜ਼ਮ ਉਥੋਂ ਭੱਜ ਗਏ। ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।