ਸਹਾਇਕ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਖ਼ਿਲਾਫ ਮਨਾਈ ‘ਰੋਹ ਦੀ ਲੋਹੜੀ’

Thursday, Jan 13, 2022 - 10:48 PM (IST)

ਸਹਾਇਕ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਖ਼ਿਲਾਫ ਮਨਾਈ ‘ਰੋਹ ਦੀ ਲੋਹੜੀ’

ਪਟਿਆਲਾ (ਬਿਊਰੋ)-ਅੱਜ ਪਟਿਆਲਾ ਵਿਖੇ ਸਹਾਇਕ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਖ਼ਿਲਾਫ ਮਨਾਈ ‘ਰੋਹ ਦੀ ਲੋਹੜੀ’ ਮਨਾਈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅਕਤੂਬਰ ’ਚ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀਆਂ ਅਸਾਮੀਆਂ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਦਾ 20, 21 ਅਤੇ 22 ਨਵੰਬਰ 2021 ਨੂੰ ਪੇਪਰ ਲਿਆ ਗਿਆ। ਕੁਝ ਸਮੇਂ ਬਾਅਦ ਇਸ ਦਾ ਨਤੀਜਾ ਕੱਢਿਆ ਗਿਆ ਅਤੇ  29, 30 ਨਵੰਬਰ ਨੂੰ ਸਕਰੂਟਨੀ ਕੀਤੀ ਗਈ। ਇਸ ਸੰਬਧੀ ਕੁਝ ਵਿਸ਼ਿਆਂ ਦੇ ਉਮੀਦਵਾਰਾਂ ਨੂੰ 2 ਦਸੰਬਰ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ 3 ਦਸੰਬਰ ਨੂੰ ਭਰਤੀ ’ਤੇ ਪਈਆਂ ਰਿੱਟ ਪਟੀਸ਼ਨਾਂ ਕਰਕੇ ਕਈ ਵਿਸ਼ਿਆਂ ਦੇ ਨਤੀਜੇ ਵਿਭਾਗ ਦੀ ਵੈੱਬਸਾਈਟ ’ਤੇ ਪਾ ਕੇ ਦੁਬਾਰਾ ਵਾਪਿਸ ਲੈ ਲਏ ਗਏ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੂਰੀ ਭਰਤੀ ਪ੍ਰਕਿਰਿਆ ’ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ।

ਇਸ ਕੇਸ ਦੀ ਸੁਣਵਾਈ ਕ੍ਰਮਵਾਰ 3, 13, 15, 20 ਦਸੰਬਰ 2021 ਅਤੇ 6 ਜਨਵਰੀ 2022 ਨੂੰ ਹੋਈ ਪਰ ਮਾਣਯੋਗ ਹਾਈਕੋਰਟ ਵੱਲੋਂ ਉਚੇਰੀ ਸਿੱਖਿਆ ਵਿਭਾਗ ਦੁਆਰਾ ਰਿੱਟ ਪਟੀਸ਼ਨਾਂ ਦੇ ਦਾਖਲ ਕੀਤੇ ਜਵਾਬਾਂ ਤੋਂ ਅਸੰਤੁਸ਼ਟੀ ਪ੍ਰਗਟਾਉਂਦਿਆ ਇਸ ਭਰਤੀ ਨੂੰ ਸਟੇਟਸ ਕਿਊ ਦੀ ਸਥਿਤੀ ’ਚ ਕਰਕੇ ਰੋਕ ਜਾਰੀ ਰੱਖੀ ਹੋਈ ਹੈ। ਇਸ ਕੇਸ ਦੀ ਹੁਣ ਅਗਲੀ ਸੁਣਵਾਈ 13 ਜਨਵਰੀ 2022 ਤੋਂ ਬਦਲ ਕੇ 3 ਫਰਵਰੀ ਕਰ ਦਿੱਤੀ ਗਈ ਹੈ। ਪੰਜਾਬ ਦੇ ਸਰਕਾਰੀ ਕਾਲਜਾਂ ’ਚ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਰੈਗੂਲਰ ਭਰਤੀ ਲਗਭਗ 25 ਸਾਲਾਂ ਬਾਅਦ ਹੋ ਰਹੀ ਹੈ। ਪਿਛਲੇ ਸਮੇਂ ’ਚ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਕਾਲਜ ਪੱਕੇ ਸਹਾਇਕ ਪ੍ਰੋਫੈਸਰ ਨਾ ਹੋਣ ਕਰਕੇ ਬੰਦ ਹੋ ਗਏ ਹਨ। ਜੇਕਰ ਇਹ ਭਰਤੀ ਨੇਪਰੇ  ਨਾ ਚੜ੍ਹੀ ਤਾਂ ਆਉਣ ਵਾਲੇ ਸਮੇਂ ’ਚ ਹੋਰ ਵੀ ਕਾਲਜ ਬੰਦ ਹੋਣ ਦਾ ਅਨੁਮਾਨ ਹੈ ਅਤੇ ਪੰਜਾਬ ਵਿੱਚ ਕਿਰਤੀ ਵਰਗ ਉੱਚ ਸਿੱਖਿਆ ਤੋਂ ਵਾਂਝਾ ਰਹਿ ਜਾਵੇਗਾ। ਪੰਜਾਬ ਸਰਕਾਰ ਇਹ ਆਸਾਮੀਆਂ ਉੱਪਰ ਲੱਗੀ ਅਦਾਲਤੀ ਰੋਕ ਨੂੰ ਲੈ ਕੇ ਗੰਭੀਰ ਨਹੀਂ ਹੈ। ਜਿਸ ਤੋਂ ਇਹ ਝਲਕਦਾ ਹੈ ਕਿ ਸਰਕਾਰ ਦੀ ਇਨ੍ਹਾਂ ਅਸਾਮੀਆਂ ਨੂੰ ਸਿਰੇ ਚੜ੍ਹਾਉਣ ਦੀ ਮਨਸ਼ਾ ਨਹੀਂ ਹੈ।

ਇਸ ਕਰਕੇ ਚੁਣੇ ਗਏ ਉਮੀਦਵਾਰਾਂ ਨੇ ਲੋਹੜੀ ਵਾਲੇ ਦਿਨ ਪੰਜਾਬ ਸਰਕਾਰ ਦੇ ਖ਼ਿਲਾਫ ਸਰਕਾਰ ਦੇ ਅਖਬਾਰਾਂ ’ਚ ਦਿੱਤੇ ਜਾ ਰਹੇ ਇਸ਼ਤਿਹਾਰਾਂ ਦੀਆਂ ਕਾਪੀਆਂ ਸਾੜ ਕੇ ‘ਰੋਹ ਦੀ ਲੋਹੜੀ’ ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਗੇਟ ਅੱਗੇ ਮਨਾਈ। ਇਸ ਸੰਬੰਧੀ ਫਰੰਟ ਦੀ ਕੋਰ ਕਮੇਟੀ ਦੇ ਮੈਂਬਰ ਪ੍ਰਿਤਪਾਲ ਸਿੰਘ ਅਤੇ ਨਿਰਭੈ ਸਿੰਘ ਨੇ ਉਮੀਦਵਾਰਾਂ ਅਤੇ ਵਿ‍ਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਇਸ ਭਰਤੀ ਦੀ ਮਾਣਯੋਗ ਹਾਈਕੋਰਟ ’ਚ ਸਹੀ ਤਰੀਕੇ ਨਾਲ ਪੈਰਵਾਈ ਕਰੇ। ਜਿੰਨੇ ਚਿਰ ਤੱਕ ਇਹ ਭਰਤੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਓਨੀ ਦੇਰ ਤੱਕ ਫਰੰਟ ਪੰਜਾਬ ਸਰਕਾਰ ਖਿਲਾਫ ਹਰ ਸ਼ਹਿਰ, ਪਿੰਡ ’ਚ ਸੰਘਰਸ਼ ਕਰਦਾ ਰਹੇਗਾ। ਇਸ ਰੋਸ ਪ੍ਰਦਰਸ਼ਨ ’ਚ ਅਧਿਆਪਕ ਅਤੇ ਵਿਦਿਆਰਥੀ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ।


author

Manoj

Content Editor

Related News