ਧੁੰਦ ਸ਼ੁਰੂ ਹੁੰਦੇ ਹੀ ਸਡ਼ਕਾਂ ’ਚ ਖੱਡੇ ਅਤੇ ਟੁੱਟੀ ਰੇਲਿੰਗ ਬਣੇ ਹਾਦਸਿਆਂ ਦਾ ਸਬੱਬ

Monday, Nov 19, 2018 - 05:09 AM (IST)

ਧੁੰਦ ਸ਼ੁਰੂ ਹੁੰਦੇ ਹੀ ਸਡ਼ਕਾਂ ’ਚ ਖੱਡੇ ਅਤੇ ਟੁੱਟੀ ਰੇਲਿੰਗ ਬਣੇ ਹਾਦਸਿਆਂ ਦਾ ਸਬੱਬ

ਪਟਿਆਲਾ, (ਬਲਜਿੰਦਰ, ਰਾਣਾ)- ਦੇਸ਼ ਦੀ ਹਰ ਰਾਜਨੀਤਕ ਪਾਰਟੀ ਸਡ਼ਕ ਤੇ ਹਾਈਵੇ ਨੂੰ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਹੀ ਇਸ ਨੂੰ ਵਿਕਾਸ ਦੇ ਪ੍ਰਤੀਕ ਦੇ ਰੂਪ ਵਿਚ ਪ੍ਰਚਾਰਤ ਕਰਨ ਲਗਦੀ ਹੈ। ਇਸ ਨਾਲ ਇਨ੍ਹਾਂ ਪਾਰਟੀਆਂ ਨੂੰ ਰਾਜਨੀਤਕ ਫਾਇਦੇ  ਹੀ ਹੁੰਦੇ ਹੀ ਹਨ। ਸਡ਼ਕਾਂ ਦਾ ਕੰਮ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਜਗ੍ਹਾ-ਜਗ੍ਹਾ ਤੋਂ ਟੁੱਟਣ ਲਗਦੀਆਂ ਹਨ। ਸੜਕ ਕੁਝ ਹੀ ਸਮੇਂ ਵਿਚ ਖੱਡਿਆਂ ਨਾਲ ਭਰ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸੜਕ ਬਣਾਉਂਦੇ ਸਮੇਂ ਬਿਲਕੁਲ ਧਿਆਨ ਨਹੀਂ ਰੱਖਿਆ ਜਾਂਦਾ ਹੈ। ਅਜਿਹਾ ਹੀ ਹਾਲ ਸੀ. ਐੱਮ. ਸਿਟੀ ਪਟਿਆਲਾ ਵਿਚ ਬਣਾਈਅਾਂ ਗਈਅਾਂ ਸਡ਼ਕਾਂ  ਦਾ ਹੈ। ਕਿਤੇ  ਵੀ ਰੇਲਿੰਗ ਨਹੀਂ ਹੈ। ਸਡ਼ਕਾਂ ਟੁੱਟ ਗਈਆਂ ਹਨ। ਟੁੱਟੀ ਸਡ਼ਕ ’ਤੇ ਸੀਵਰੇਜ ਦਾ ਪਾਣੀ ਖਡ਼੍ਹਾ ਹੈ। ਹੁਣ ਤੱਕ ਇਸ ਦੀ ਮੁਰੰਮਤ ਦਾ ਕੰਮ ਨਹੀਂ ਕਰਵਾਇਆ ਗਿਆ ਹੈ। ਇਨ੍ਹਾਂ ਸਡ਼ਕਾਂ ਦੀ ਸਥਿਤੀ ਦੇਖਣ ਤੋਂ ਬਅਦ ਅਜਿਹਾ ਲਗਦਾ ਹੈ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੱਡੇ ਹਾਦਸੇ ਦੀ ਉਡੀਕ ਕੀਤੀ ਜਾ ਰਹੀ ਹੈ। 
®ਧੁੰਦ ਦਾ ਮੌਸਮ ਸ਼ੁਰੂ ਹੁੰਦੇ ਹੀ ਵਾਹਨ ਚਾਲਕ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  ਧੁੰਦ ਵਿਚ ਚਾਲਕ ਨੂੰ ਘੱਟ ਦਿਖਾਈ ਦੇਣ ਲਗਦਾ ਹੈ। ਸਡ਼ਕ ’ਤੇ ਬਣੇ ਖੱਡੇ ਚਾਲਕ ਨੂੰ ਨਹੀਂ ਦਿਖਾਈ ਦਿੰਦੇ ਹਨ। ਖੱਡਾ ਪਾਰ ਕਰਦੇ ਸਮੇਂ ਗੱਡੀ ਦਾ ਸੰਤੁਲਨ ਵਿਗਡ਼ਣ ਨਾਲ ਹਾਦਸੇ ਹੋ ਜਾਂਦੇ ਹਨ। ਟੁੱਟੀ ਸਡ਼ਕ ’ਤੇ ਕੋਈ ਸਾਈਨ ਬੋਰਡ ਵੀ ਨਹੀਂ ਲੱਗਾ ਹੋਇਆ। ਪਟਿਆਲਾ ਦੀ ਛੋਟੀ ਨਦੀ ’ਤੇ ਰੇਲਿੰਗ ਹੀ ਨਹੀਂ ਲਾਈ ਗਈ। 

ਸ਼ਹਿਰ ’ਚੋਂ ਲੰਘਣ ਵਾਲੇ ਨਾਲੇ ਦੀ ਰੇÎਲਿੰਗ ਟੁੱਟੀ
 ਰਾਘੋਮਾਜਰਾ ਤੋਂ ਸਨੌਰੀ ਅੱਡਾ ਵੱਲ ਜਾਣ ਵਾਲੀ ਸਡ਼ਕ ਦੇ ਨਾਲ-ਨਾਲ ਬਣੇ ਨਾਲੇ ਦੀ ਰੇਲਿੰਗ ਥਾਂ-ਥਾਂ ਤੋਂ ਟੁੱਟੀ ਪਈ ਹੈ। ਇਥੇ ਅਕਸਰ ਪਸ਼ੂ ਨਾਲੇ ਵਿਚ ਡਿਗਦੇ ਰਹਿੰਦੇ ਹਨ। ਕਈ ਵਾਰ ਰਾਤ ਨੂੰ ਰਾਹਗੀਰ ਵੀ ਇਸ ਨਾਲੇ ’ਚ ਡਿੱਗ ਚੁੱਕੇ ਹਨ। ਇਹ ਇਲਾਕੇ ਮੇਅਰ ਤੇ ਉਸ ਦੇ ਨਜ਼ਦੀਕੀ ਕੌਂਸਲਰਾਂ ਦੇ ਵਾਰਡਾਂ ਵਿਚ ਪੈਂਦੇ ਹਨ। ਫਿਰ ਵੀ ਇਥੇ ਰੇਲਿੰਗ ਠੀਕ ਨਹੀਂ ਕਰਵਾਈ ਜਾ ਰਹੀ।  ਧੁੰਦ ਵਿਚ ਇਥੇ ਕਦੀ ਵੀ ਹਾਦਸਾ ਹੋ ਸਕਦਾ ਹੈ। 

ਮੌਤ ਦਾ 7ਵਾਂ ਵੱਡਾ ਕਾਰਨ ਸਡ਼ਕ ਹਾਦਸੇ
 ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਅਨੁਸਾਰ ਭਾਰਤ ਵਿਚ ਮੌਤ ਦਾ 7ਵਾਂ ਸਭ ਤੋਂ ਵੱਡਾ ਕਾਰਨ ਸਡ਼ਕ ਹਾਦਸੇ ਹਨ। 2017 ਵਿਚ ਸਡ਼ਕਾਂ ਦੇ ਖੱਡਿਆਂ ਕਾਰਨ ਦੇਸ਼ ਵਿਚ 3597 ਲੋਕਾਂ ਦੀ ਜਾਨ  ਗਈ। ਇਹ ਅੰਕਡ਼ਾ 2016 ਤੋਂ 50 ਫੀਸਦੀ ਤੋਂ ਜ਼ਿਆਦਾ ਹੈ। ਹਰ ਸਾਲ ਦੇਸ਼ ਵਿਚ ਲਗਭਗ 1 ਲੱਖ 60 ਹਜ਼ਾਰ ਲੋਕਾਂ ਦੀ ਮੌਤ ਸਡ਼ਕ ਹਾਦਸਿਆਂ ਵਿਚ ਹੁੰਦੀ ਹੈ। ਸਡ਼ਕਾਂ ’ਤੇ ਖੱਡਿਆਂ ਕਾਰਨ ਹੋਈਆਂ ਮੌਤਾਂ ਦਾ ਅੰਕਡ਼ਾ ਵੀ ਕਾਫੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ 2018 ਦੇ ਰਿਪੋਰਟ ਆਉਣ ’ਤੇ ਸਡ਼ਕ ਹਾਦਸਿਆਂ ਦੇ ਅੰਕਡ਼ਿਆਂ ਵਿਚ ਵਾਧਾ ਹੋਣ ਵਾਲਾ ਹੈ। 

ਖੱਡਿਆਂ ’ਚ ਤਬਦੀਲ ਹੋਈਆਂ ਸਡ਼ਕਾਂ
 ਸ਼ਹਿਰ ਦੇ ਮਹਿੰਦਰਾ ਕਾਲਜ ਤੋਂ ਸਰਕਾਰੀ ਕੁਆਰਟਰਾਂ ਨੂੰ ਜਾਣ ਵਾਲੀ ਸਡ਼ਕ ’ਤੇ ਡੇਢ-ਡੇਢ ਫੁੱਟ ਡੂੰਘੇ ਖੱਡੇ ਪਏ ਹੋਏ ਹਨ। ਇਸ ਸਡ਼ਕ ’ਤੇ 20 ਦੇ ਲਗਭਗ ਖੱਡੇ ਹਨ। ਇਸੇ ਤਰ੍ਹਾਂ ਮਾਈ ਜੀ ਦੀ ਸਰਾਂ ਕੋਲ ਤੇ ਦਿਵਯ ਜੋਤੀ ਜਾਗ੍ਰਤੀ ਸੰਸਥਾਨ ਦੇ ਸਾਹਮਣੇ ਵੀ ਸਡ਼ਕ ਦਾ ਮਾਡ਼ਾ ਹਾਲ ਹੈ। ਸ਼ਹਿਰ ਵਾਸੀਆਂ ਨੂੰ ਆਉਣ-ਜਾਣ ਵਿਚ ਪਰੇਸ਼ਾਨੀ ਆਉਂਦੀ ਹੈ। ਟੁੱਟੀਆਂ ਸਡ਼ਕਾਂ ਤੋਂ ਲੰਘਣ ਵਾਲੇ ਵਾਹਨ ਹਾਦਸਿਆਂ ਨੂੰ ਖੁੱਲ੍ਹੇਆਮ ਸੱਦਾ ਦੇ ਰਹੇ ਹਨ। 

ਬੇਸਹਾਰਾ ਪਸ਼ੂ  ਵੀ ਹੁੰਦੇ ਹਨ ਹਾਦਸਿਆਂ ਦਾ ਸ਼ਿਕਾਰ
 ਠੰਡ ਦੇ ਮੌਸਮ ਵਿਚ ਧੁੰਦ ਵਧਣ ਕਾਰਨ ਗੱਡੀ ਚਲਾਉਣ ਵਾਲਿਆਂ ਨੂੰ ਜ਼ਿਆਦਾ ਦੂਰ ਤੱਕ ਨਹੀਂ ਦਿਖਾਈ ਦਿੰਦਾ ਹੈ। ਅਜਿਹੇ ਵਿਚ ਬੇਸਹਾਰਾ ਪਸ਼ੂ ਸਡ਼ਕ ’ਤੇ ਚਲਦੇ ਹੋਏ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਵਾਹਨ ਚਾਲਕ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ। ਕਈ ਵਾਰ ਤਾਂ ਇਨ੍ਹਾਂ ਨੂੰ ਜਾਨ ਤੱਕ ਗਵਾਉਣੀ ਪੈ ਜਾਂਦੀ ਹੈ। ਇਕ ਅੰਦਾਜ਼ੇ ਅਨੁਸਾਰ ਧੁੰਦ ਦੇ ਮੌਸਮ ਵਿਚ ਅੌਸਤ ਰੋਜ਼ ਦੋ ਤੋਂ ਤਿੰਨ ਪਸ਼ੂ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। 

ਅਰਬਨ ਅਸਟੇਟ ਦੀ ਬੈਕਸਾਈਡ ਵਾਲੀ ਸਡ਼ਕ ’ਤੇ ਡੂੰਘੇ ਖੱਡੇ
 ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ. ਡੀ. ਏ.) ਕੋਲ ਸ਼ਹਿਰ ਦੇ ਵਿਕਾਸ ਦੀ ਜ਼ਿੰਮੇਵਾਰੀ ਹੈ। ਪੀ. ਡੀ. ਏ. ਦੇ ਚੇਅਰਮੈਨ ਖੁਦ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਹਨ। ਅਰਬਨ ਅਸਟੇਟ ਸਿੱਧੇ ਪੀ. ਡੀ. ਏ. ਅਧੀਨ ਹੈ। ਅਰਬਨ ਅਸਟੇਟ ਦੀ ਬੈਕਸਾਈਡ ਤੋਂ ਲੈ ਕੇ ਯੂਨੀਵਰਸਿਟੀ ਤੱਕ ਪੀ. ਡੀ. ਏ. ਦੀ ਇਸ ਸਡ਼ਕ ’ਤੇ 45 ਖੱਡੇ ਹਨ। ਯੂਨੀਵਰਸਿਟੀ ਵਿਚ  ਜਾਣ ਵਾਲੇ ਜ਼ਿਆਦਾਤਰ ਕਰਮਚਾਰੀ ਇਸ ਸਡ਼ਕ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਇਹ ਇਕ ਵੱਡੇ ਇਲਾਕੇ ਨੂੰ ਕੁਨੈਕਟ ਕਰ ਦਿੱਤੀ ਹੈ। ਪੀ. ਡੀ. ਏੇ. ਵੱਲੋਂ ਇਨ੍ਹਾਂ ਖੱਡਿਆਂ ਨੂੰ ਭਰਨ ਜਾਂ ਫਿਰ ਨਵੀਂ ਸਡ਼ਕ ਬਣਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਫਸਰਸ਼ਾਹੀ ਮੌਜ-ਮਸਤੀ ’ਚ ਰੁੱਝੀ  ਹੋਈ ਹੈ। ਮੁੱਖ ਮੰਤਰੀ ਕਦੀ ਪੀ. ਡੀ. ਏ. ਦੇ ਵਿਕਾਸ ਕੰਮਾਂ ਦਾ ਰੀਵਿਊ  ਨਹੀਂ ਕਰਦੇ। 

ਵਿਰਕ ਕਾਲੋਨੀ ਸਾਹਮਣੇ ਨਦੀ ਨਾਲ ਨਹੀਂ ਹੈ ਰੇਲਿੰਗ
 ਰਾਜਪੁਰਾ ਰੋਡ ਤੋਂ ਸਰਹਿੰਦ ਰੋਡ ਬਾਈਪਾਸ ਤੱਕ ਤਾਂ ਨਦੀ  ਕਿਨਾਰੇ ’ਤੇ ਰੇਲਿੰਗ ਲਾਈ ਹੋਈ ਹੈ ਪਰ ਉਸ ਦੇ ਅੱਗੇ ਵਿਰਕ ਕਾਲੋਨੀ ਦੀ ਸਾਈਡ ਰੇਲਿੰਗ ਨਹੀਂ ਹੈ। ਇਸ ਕਾਰਨ ਇਥੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਨਗਰ ਨਿਗਮ ਨੇ ਨਦੀ ਕੋਲ ਟੁੱਟੀ ਸਡ਼ਕ ਦਾ ਨਵ-ਨਿਰਮਾਣ ਕਰਵਾ ਦਿੱਤਾ ਹੈ। ਇਸ ਕਾਰਨ ਇਥੇ ਟ੍ਰੈਫਿਕ ਕਾਫੀ ਵਧ ਗਿਆ ਹੈ। ਵਿਰਕ ਕਾਲੋਨੀ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਹੈ, ਜਿਸ ਵਿਚ 200 ਦੇ ਲਗਭਗ ਬੱਚੇ ਪਡ਼੍ਹਦੇ ਹਨ ਇਹ ਸਾਰੇ ਬੱਚੇ ਇਸ ਸਡ਼ਕ ਤੋਂ ਲੰਘਦੇ ਹਨ।  ਕਈ ਵਾਰ ਬੱਚਿਆਂ ਦਾ ਸਾਈਕਲ ਨਦੀ ਵਿਚ ਚਲਾ ਜਾਂਦਾ ਹੈ। ਲੋਕਾਂ ਨੂੰ ਹਰ ਸਮੇਂ ਆਪਣੇ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਪਰ ਪ੍ਰਸ਼ਾਸਨ ਵੱਲੋਂ ਇਥੇ ਸੁਰੱਖਿਆ ਲਈ ਰੇਲਿੰਗ ਨਹੀਂ ਲਵਾਈ ਜਾ ਰਹੀ। 

ਥਾਂ-ਥਾਂ ਟੁੱਟੇ ਡਿਵਾਈਡਰ 
 ਸੀ. ਐਮ. ਸਿਟੀ ਵਿਚ ਸਡ਼ਕਾਂ ’ਤੇ ਖੱਡਿਆਂ ਤੋਂ ਇਲਾਵਾ ਜਗ੍ਹਾ ਜਗ੍ਹਾ ’ਤੇ ਡਿਵਾਈਡਰ ਟੁੱਟੇ ਹੋਏ ਹਨ ਜੋ ਕਿ ਕਦੀ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਕਈ ਵਾਰ ਦੋਪਹੀਆ ਵਾਹਨ ਸਵਾਰ ਇਨ੍ਹਾਂ ਟੁੱਟੇ ਡਿਵਾਈਡਰਾਂ ਕਾਰਨ ਹਾਦਸਾਗ੍ਰਸਤ ਹੋ ਚੁੱਕੇ ਹਨ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਕੋਲ, ਰਾਜਪੁਰਾ ਰੋਡ ਤੇ ਭੁਪਿੰਦਰਾ ਰੋਡ ’ਤੇ ਕਈ ਛਾਵਾਂ ’ਤੇ ਡਿਵਾਈਡਰ ਟੁੱਟੇ ਹੋਏ ਹਨ। ਕਈ ਥਾਵਾਂ ’ਤੇ ਡਿਵਾਈਡਰਾਂ ’ਚ ਲੱਗੀਆਂ ਗਰਿੱਲਾਂ ਟੇਢੀਆਂ ਹੋ ਚੁੱਕੀਆਂ ਹਨ ਜੋ ਕਿ ਅਕਸਰ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਨੂੰ ਠੀਕ ਕਰਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। 
 ‘ਪਟਿਆਲਾ ਦੀਆਂ ਸਡ਼ਕਾਂ ’ਤੇ 100 ਕਰੋਡ਼ ਦੇ ਲਗਭਗ ਖਰਚ ਕੀਤਾ ਜਾ ਚੁੱਕਾ ਹੈ। ਮਾਰਚ 2017 ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਸਡ਼ਕਾਂ ਦੇ ਖੱਡੇ ਭਰਨ ਦਾ ਕੀਤਾ ਸੀ। ਨਗਰ ਨਿਗਮ ਦੀ ਅਗਵਾਈ ਹੇਠ ਪੀ. ਡਬਲਿਊ. ਡੀ. ਸਮੇਤ ਹੋਰ ਕਈ ਵਿਭਾਗਾਂ ਨੇ ਵਿਸ਼ੇਸ਼ ਮੁਹਿੰਮ ਚਲਾਈ ਸੀ। ਖੱਡੇ ਭਰਨ ਤੋਂ ਬਾਅਦ ਸਡ਼ਕਾਂ ਦਾ ਨਿਰਮਾਣ ਕੀਤਾ ਗਿਆ। ਜ਼ਿਆਦਾਤਰ ਸਡ਼ਕਾਂ ਬਣਾ ਦਿੱਤੀਆਂ ਗਈਆਂ ਹਨ। ਬਾਕੀ ਕੰਮ ਚੱਲ ਰਿਹਾ ਹੈ। ਜਿਹਡ਼ੀਆਂ ਸਡ਼ਕਾਂ ਦੇ ਖੱਡਿਆਂ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਦੇ ਟੈਂਡਰ ਹੋ ਚੁੱਕੇ ਹਨ। ਉਹ ਵੀ ਜਲਦੀ ਹੀ ਬਣ ਜਾਣਗੀਆਂ।’      -ਸੰਜੀਵ ਸ਼ਰਮਾ ਬਿੱਟੂ, ਮੇਅਰ।
 


Related News