ਨਸ਼ੇ ਦੀ ਸਪਲਾਈ ਕਰਨ ਵਾਲਾ ਨਾਈਜੀਰੀਅਨ 200 ਗ੍ਰਾਮ ਹੈਰੋਇਨ ਸਮੇਤ ਕਾਬੂ

08/19/2019 6:44:29 PM

ਫ਼ਤਿਹਗੜ੍ਹ ਸਾਹਿਬ (ਜਗਦੇਵ, ਬਖਸ਼ੀ)- ਜ਼ਿਲਾ ਪੁਲਸ ਫਤਿਹਗੜ੍ਹ ਸਾਹਿਬ ਨੇ ਇਕ ਨਾਈਜੀਰੀਅਨ ਵਿਅਕਤੀ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਐਂਟੀਨਾਰਕੋਟਿਕ ਸੈੱਲ ਤੇ ਮੰਡੀ ਗੋਬਿੰਦਗੜ੍ਹ ਪੁਲਸ ਵਲੋਂ ਜਸਵਿੰਦਰ ਸਿੰਘ ਨਾਮ ਦੇ ਇਕ ਵਿਅਕਤੀ ਨੂੰ ਇਕ ਕਿਲੋ ਹੈਰੋਇਨ, ਜਿਸ ਦੀ ਮਾਰਕਿਟ ਕੀਮਤ 5 ਕਰੋੜ ਦੱਸੀ ਜਾ ਰਹੀ ਹੈ, ਨੂੰ ਗ੍ਰਿਫਤਾਰ ਕੀਤਾ ਸੀ, ਜੋ ਕਿ ਐਕਟਿਵਾ ਸਕੂਟਰੀ 'ਚ ਸਰਹਿੰਦ ਸਾਈਡ ਤੋਂ ਆ ਰਿਹਾ ਸੀ ਤੇ ਪੁਲਸ ਨੇ ਉਸ ਨੂੰ ਰੋਕ ਕੇ ਲਈ ਤਲਾਸ਼ੀ ਦੌਰਾਨ ਐਕਟਿਵਾ ਸਕੂਟਰੀ 'ਚੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਸੀ।

ਜ਼ਿਲਾ ਪੁਲਸ ਮੁਖੀ ਫਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਦੀ ਅਗਲੀ ਤਫਤੀਸ਼ ਇੰਸਪੈਕਟਰ ਭੁਪਿੰਦਰ ਸਿੰਘ, ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਨੂੰ ਸੌਂਪੀ ਗਈ ਸੀ, ਜਿਨ੍ਹਾਂ ਵਲੋਂ ਤਫਤੀਸ਼ ਦੌਰਾਨ ਜਸਵਿੰਦਰ ਸਿੰਘ ਨੇ ਆਪਣੀ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਇਹ 1 ਕਿਲੋ ਹੈਰੋਇਨ ਮਿਤੀ 12.08.2019 ਨੂੰ ਸਪਲਾਇਰ ਸੰਡੇ ਉਰਫ ਇਮੇਕਾ ਈਕੇਚੀ ਵਾਸੀ ਗਲੀ ਨੰ. 2, ਵਿਪਨ ਗਾਰਡਨ, ਨੇੜੇ ਉੱਤਮ ਨਗਰ, ਨਵੀ ਦਿੱਲੀ ਤੋਂ ਲੈ ਕੇ ਆਇਆ ਸੀ, ਜੋ ਕਿ ਫੋਨ 'ਤੇ ਸੰਪਰਕ ਕਰਨ ਤੇ ਦਿੱਤੇ ਟਾਇਮ ਤੇ ਦੱਸੀ ਜਗ੍ਹਾ ਤੇ ਬੇਖੌਫ ਹੋ ਕੇ ਮਿਲਦਾ ਹੈ ਤੇ ਮਾਲ ਦੀ ਸਪਲਾਈ ਕਰਦਾ ਹੈ, ਜਿਸ ਤੇ ਆਧਾਰ 'ਤੇ ਸਪਲਾਇਰ ਸੰਡੇ ਉਰਫ ਇਮੇਕਾ ਈਕੇਚੀ ਉਕਤ ਨੂੰ ਮੁਕੱਦਮਾ 'ਚ ਨਾਮਜ਼ਦ ਕਰ ਕੇ ਅਗਲੀ ਕਾਰਵਾਈ ਆਰੰਭ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਭੁਪਿੰਦਰ ਸਿੰਘ, ਮੁੱਖ ਅਫਸਰ ਥਾਣਾ ਮੰਡੀ ਗੋਬਿੰਦਗੜ੍ਹ ਦੀ ਅਗਵਾਈ 'ਚ ਥਾਣਾ ਮੰਡੀ ਗੋਬਿੰਦਗੜ੍ਹ ਤੇ ਨਾਰਕੋਟਿਕ ਸੈੱਲ, ਫਤਿਹਗੜ੍ਹ ਸਾਹਿਬ ਦੀ ਪੁਲਸ ਪਾਰਟੀ ਨੇ ਦਿੱਲੀ ਪੁੱਜ ਕੇ ਸਪਲਾਇਰ ਸੰਡੇ ਉਰਫ ਇਮੇਕਾ ਈਕੇਚੀ ਨੂੰ 200 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਕਾਬੂ ਕਰ ਕੇ ਮੁਕੱਦਮਾ ਉਕਤ 'ਚ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਪਲਾਇਰ ਸੰਡੇ ਉਰਫ ਇਮੇਕਾ ਈਕੇਚੀ ਨੂੰ ਪੇਸ਼ ਅਦਾਲਤ ਕਰ ਕੇ ਮਿਤੀ 21.08.2019 ਤੱਕ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਖਿਲਾਫ ਥਾਣਾ ਸਮਰਾਲਾ, ਪੁਲਸ ਜ਼ਿਲਾ ਖੰਨਾ ਵਿਖੇ ਵੀ ਪਹਿਲਾ ਇਕ ਮੁਕੱਦਮਾ ਦਰਜ ਹੈ, ਜਿਸ 'ਚ ਇਸ ਕੋਲੋਂ 2 ਕਿਲੋ ਹੈਰੋਇਨ ਤੇ 40 ਗ੍ਰਾਮ ਕੋਕੀਨ ਬਰਾਮਦ ਹੋਈ ਸੀ। ਇਸ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ। ਇਸ ਪ੍ਰੈੱਸ ਕਾਨਫੰਰਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ.ਪੀ. (ਹੈਡਕੁਆਰਟਰ) ਨਵਨੀਤ ਸਿੰਘ, ਹਰਪਾਲ ਸਿੰਘ ਕਪਤਾਨ ਪੁਲਸ ਇੰਨਵੈਸਟੀਗੇਸ਼ਨ ਫਤਿਹਗੜ੍ਹ ਸਾਹਿਬ, ਜਸਵਿੰਦਰ ਸਿੰਘ ਟਿਵਾਣਾ ਉੱਪ-ਕਪਤਾਨ ਪੁਲਸ ਮੇਜਰ ਕ੍ਰਾਈਮ ਫਤਿਹਗੜ੍ਹ ਸਾਹਿਬ, ਡੀ. ਐੱਸ. ਪੀ. ਅਮਲੋਹ ਹੰਸਰਾਜ, ਇੰਸਪੈਕਟਰ ਹੇਮੰਤ ਕੁਮਾਰ ਇੰਚਾਰਜ ਐਂਟੀਨਾਰਕੋਟਿਕ ਸੈੱਲ ਫਤਿਹਗੜ੍ਹ ਸਾਹਿਬ, ਇੰਸਪੈਕਟਰ ਭੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਮੰਡੀ ਗੋਬਿੰਦਗੜ੍ਹ ਵੀ ਹਾਜ਼ਰ ਸਨ।


Karan Kumar

Content Editor

Related News