ਪੁਲਸ ਵੱਲੋਂ 2 ਹਮਲਾਵਰ ਗ੍ਰਿਫਤਾਰ ਤੇ 6 ਨਾਮਜ਼ਦ

12/09/2018 11:40:03 PM

ਮੋਗਾ, (ਆਜ਼ਾਦ)- ਪੁਲਸ ਵੱਲੋਂ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਨਾਥੇਵਾਲਾ ਵਿਖੇ ਬੀਤੀ 12 ਨਵੰਬਰ ਨੂੰ ਮੋਟਰਸਾਈਕਲ ਸਵਾਰ ਤਿੰਨ ਹਥਿਆਰਬੰਦ ਨੌਜਵਾਨਾਂ ਵੱਲੋਂ ਦਿਨ-ਦਿਹਾਡ਼ੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਅਵਤਾਰ ਸਿੰਘ ਗੋਲੂ ਦੀ ਹੱਤਿਆ ਕਰ ਦਿੱਤੀ  ਗਈ ਸੀ, ਜਦਕਿ ਉਸ ਦਾ ਸਾਥੀ ਅਵਤਾਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਜਿਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਚ ਦਾਖਲ ਕਰਵਾਇਆ ਗਿਆ ਸੀ। ਪੁਲਸ ਨੇ ਉਕਤ ਮਾਮਲੇ ’ਚ 6 ਵਿਅਕਤੀਆਂ ਨੂੰ ਨਾਮਜ਼ਦ ਕਰ ਕੇ 2 ਹਮਲਾਵਰਾਂ ਲਖਵੀਰ ਸਿੰਘ ਉਰਫ ਬੱਗੀ ਨਿਵਾਸੀ ਪਿੰਡ ਸਮਾਲਸਰ ਅਤੇ ਉਸ ਦੇ ਸਾਥੀ ਨਿਰਮਲ ਸਿੰਘ ਨਿੰਮਾ ਨਿਵਾਸੀ ਪਿੰਡ ਕਪੂਰੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਅਦਾਲਤ ਨੇ ਉਕਤ ਦੋਵਾਂ ਦਾ 10 ਦਸੰਬਰ ਤੱਕ ਪੁਲਸ ਰਿਮਾਂਡ ਦਿੱਤਾ। ਜਾਣਕਾਰੀ ਦਿੰਦਿਆਂ ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜਸਵੰਤ ਸਿੰਘ ਤੇ ਨੱਥੂਵਾਲਾ ਗਰਬੀ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਦਿਨ-ਦਿਹਾਡ਼ੇ ਹੋਈ ਅੰਨ੍ਹੇਵਾਹ ਫਾਇਰਿੰਗ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ। ਜਾਂਚ ਦੇ ਬਾਅਦ ਪੁਲਸ ਵੱਲੋਂ 6 ਕਥਿਤ ਦੋਸ਼ੀਆਂ ਲਖਵੀਰ ਸਿੰਘ ਉਰਫ ਬੱਗੀ ਨਿਵਾਸੀ ਸਮਾਲਸਰ, ਨਿਰਮਲ ਸਿੰਘ ਉਰਫ ਨਿੰਮਾ ਨਿਵਾਸੀ ਪਿੰਡ ਕਪੂਰੇ, ਸੋਨੀ ਨਿਵਾਸੀ ਸਮਾਲਸਰ, ਜਗਸੀਰ ਸਿੰਘ ਸੀਰਾ ਨਿਵਾਸੀ ਪਿੰਡ ਭੇਖਾਂ, ਲਖਵਿੰਦਰ ਸਿੰਘ ਨਿਵਾਸੀ ਪਿੰਡ ਨਾਥੇਵਾਲਾ ਹਾਲ ਆਬਾਦ ਨਵਾਂ ਕਲਾਂ ਫਰੀਦਕੋਟ, ਸੁਖਦੂਲ ਸਿੰਘ ਉਰਫ ਸੁੱਖਾ ਨਿਵਾਸੀ ਪਿੰਡ ਦੁੰਨੇਕੇ ਨੂੰ ਇਸ  ਮਾਮਲੇ  ’ਚ ਨਾਮਜ਼ਦ  ਕੀਤਾ  ਗਿਆ  ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਹਮਲਾਵਰਾਂ ਦੀ ਤਲਾਸ਼ ਲਈ ਇਲਾਕੇ ’ਚ ਗਸ਼ਤ ਕਰ ਰਹੇ ਸਨ ਤਾਂ ਪਿੰਡ ਰਾਜੇਆਣਾ ਕੋਲ ਸ਼ੱਕ ਦੇ ਅਾਧਾਰ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਅਤੇ ਪੁੱਛਗਿੱਛ ਸਮੇਂ ਪਤਾ ਲੱਗਾ ਕਿ  ਇਹ ਦੋਵੇਂ ਉਕਤ ਮਾਮਲੇ ਵਿਚ ਸ਼ਾਮਲ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਸਵੰਤ ਸਿੰਘ ਅਤੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਦੋਵਾਂ ਕਥਿਤ ਦੋਸ਼ੀਆਂ ਕੋਲੋਂ ਕੀਤੀ ਗਈ ਪੁੱਛਗਿੱਛ ਸਮੇਂ ਪਤਾ ਲੱਗਾ ਕਿ ਮ੍ਰਿਤਕ ਅਵਤਾਰ ਸਿੰਘ ਗੋਲੂ ਅਤੇ ਲਖਵਿੰਦਰ ਸਿੰਘ ਵਿਚਕਾਰ ਕਰੀਬ ਸਵਾ ਸਾਲ ਪਹਿਲਾਂ ਪਿੰਡ ਵਿਚ ਹੀ ਕਿਸੇ ਗੱਲ ਨੂੰ ਲੈ ਕੇ ਝਗਡ਼ਾ ਹੋਇਆ ਸੀ, ਜਿਸ ਵਿਚ ਲਖਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਅਵਤਾਰ ਸਿੰਘ ਗੋਲੂ ਦੀ ਕੁੱਟ-ਮਾਰ ਕੀਤੀ ਸੀ। ਲਖਵਿੰਦਰ ਸਿੰਘ ਦੇ ਫਰੀਦਕੋਟ ਸਥਿਤ ਘਰ ਵਿਖੇ ਇਕ ਨੌਜਵਾਨ ਲਡ਼ਕੇ ਦੀ ਕਥਿਤ ਤੌਰ ’ਤੇ ਨਸ਼ੇ  ਕਾਰਨ ਮੌਤ ਹੋ ਗਈ ਸੀ, ਜਿਸ ’ਤੇ ਉਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਫਰੀਦਕੋਟ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿਚ ਫਰੀਦਕੋਟ ਜੇਲ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਗੋਲੂ ਵੀ ਕਿਸੇ ਮਾਮਲੇ ਵਿਚ ਫਰੀਦਕੋਟ ਜੇਲ ਅੰਦਰ ਬੰਦ ਸੀ। ਅਵਤਾਰ ਸਿੰਘ ਗੋਲੂ ਆਪਣੀ ਕੁੱਟ-ਮਾਰ ਦਾ ਲਖਵਿੰਦਰ ਸਿੰਘ ਤੋਂ ਬਦਲਾ ਲੈਣਾ ਚਾਹੁੰਦਾ ਸੀ ਅਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲਖਵਿੰਦਰ ਸਿੰਘ ਦੀ ਜੇਲ ਅੰਦਰ ਕੁੱਟ-ਮਾਰ ਕੀਤੀ ਅਤੇ ਉਸ ਦੀ ਵੀਡੀਓ ਵੀ ਬਣਾਈ। ਜਿਸ ਕਾਰਨ ਲਖਵਿੰਦਰ ਸਿੰਘ ਆਪਣੀ ਹੋਈ ਬੇਇੱਜ਼ਤੀ ਦਾ ਅਵਤਾਰ ਸਿੰਘ ਗੋਲੂ ਤੋਂ ਬਦਲਾ ਲੈਣਾ ਚਾਹੁੰਦਾ ਸੀ। ਵਾਰਦਾਤ ਦੇ ਬਾਅਦ ਲਖਵਿੰਦਰ ਸਿੰਘ ਤੇ ਅਵਤਾਰ ਸਿੰਘ ਗੋਲੂ ਜ਼ਮਾਨਤ ’ਤੇ ਬਾਹਰ ਆ ਗਏ, ਜਿਸ ਉਪਰੰਤ ਲਖਵਿੰਦਰ ਨੇ ਆਪਣੇ ਸਾਥੀਆਂ ਲਖਵੀਰ ਬੱਗੀ, ਨਿਰਮਲ ਸਿੰਘ ਨਿੰਮਾ, ਸੋਨੀ, ਜਗਸੀਰ ਸਿੰਘ ਸੀਰਾ, ਸਰਦੂਲ ਸਿੰਘ ਸੁੱਖਾ ਆਦਿ ਨਾਲ ਗਰੁੱਪ ਬਣਾ ਕੇ ਅਵਤਾਰ ਸਿੰਘ ਗੋਲੂ ’ਤੇ ਜਾਨਲੇਵਾ ਹਮਲਾ  ਕਰ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਇਸੇ ਯੋਜਨਾ ਤਹਿਤ ਲਖਵਿੰਦਰ ਸਿੰਘ, ਲਖਵੀਰ ਸਿੰਘ ਬੱਗੀ ਅਤੇ ਸੋਨੀ ਨੇ 12 ਨਵੰਬਰ ਨੂੰ ਉਸ ਸਮੇਂ ਅਵਤਾਰ ਸਿੰਘ ਗੋਲੂ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਦੋਂ ਉਹ ਆਪਣੇ ਸਾਥੀ ਅਵਤਾਰ ਸਿੰਘ ਨਾਲ ਬੱਸ ਸਟੈਂਡ ’ਤੇ ਖਡ਼੍ਹਾ ਸੀ। ਇਸ ਦਿਨ-ਦਿਹਾਡ਼ੇ ਹੋਈ ਫਾਇਰਿੰਗ ਵਿਚ ਅਵਤਾਰ ਸਿੰਘ ਗੋਲੂ ਦੀ ਮੌਤ ਹੋ ਗਈ ਸੀ, ਜਦਕਿ ਉਸਦਾ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਇਸ ਮਾਮਲੇ ਵਿਚ ਸ਼ਾਮਲ ਦੂਜੇ ਕਥਿਤ ਦੋਸ਼ੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਜੋ ਨਿਰਮਲ ਸਿੰਘ ਨਿੰਮਾ ਦਾ ਹੈ, ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਵਾਰਦਾਤ ਸਮੇਂ ਵਰਤਿਆ ਗਿਆ ਅਸਲਾ ਬਰਾਮਦ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਬਾਕੀ  ਕਥਿਤ ਦੋਸ਼ੀ ਪੁਲਸ ਦੇ ਸ਼ਿਕੰਜੇ ਵਿਚ ਆ ਜਾਣਗੇ।
 


KamalJeet Singh

Content Editor

Related News