ਹਥਿਆਰਬੰਦ ਲੁਟੇਰਿਆਂ ਨੇ ਇਕ ਮਹੀਨੇ ''ਚ 2 ਵਾਰ ਲੁੱਟਿਆ ਪੈਟਰੋਲ ਪੰਪ, ਘਟਨਾ CCTV ''ਚ ਕੈਦ
Thursday, Aug 04, 2022 - 12:09 AM (IST)
ਮਖੂ (ਵਾਹੀ) : ਮੰਗਲਵਾਰ ਰਾਤ 12 ਵਜੇ ਦੇ ਕਰੀਬ ਦਾਣਾ ਮੰਡੀ ਦੇ ਸਾਹਮਣੇ ਨੈਸ਼ਨਲ ਹਾਈਵੇ-54 'ਤੇ ਸਥਿਤ ਰਾਮ ਸਰਨ ਦਾਸ ਸਤਪਾਲ ਪੈਟਰੋਲ ਪੰਪ ਨੂੰ ਮੋਟਰਸਾਈਕਲਾਂ 'ਤੇ ਆਏ 4 ਲੁਟੇਰਿਆਂ ਨੇ ਦੂਜੀ ਵਾਰ ਫਿਰ ਲੁੱਟ ਲਿਆ। ਸੀ.ਸੀ.ਟੀ.ਵੀ. 'ਚ ਕੈਦ ਵਾਰਦਾਤ ਅਨੁਸਾਰ 2 ਮੋਟਰਸਾਈਕਲਾਂ 'ਤੇ ਸਵਾਰ ਮੂੰਹ ਸਿਰ ਬੰਨ੍ਹੀ 4 ਹਥਿਆਰਬੰਦ ਲੁਟੇਰੇ ਆਏ, ਜੋ ਕਰਿੰਦਿਆਂ ਕੋਲੋਂ ਪਿਸਤੌਲ ਦਿਖਾ ਕੇ 27300 ਰੁਪਏ ਅਤੇ 2 ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਸੂਤਰਾਂ ਅਨੁਸਾਰ ਇਹ ਲੁਟੇਰੇ ਹਰੀਕੇ ਵਾਲੇ ਪਾਸਿਓਂ ਆਏ ਤੇ ਲੁੱਟ-ਖੋਹ ਕਰਕੇ ਵਾਪਸ ਉਸੇ ਪਾਸੇ ਨੂੰ ਚਲੇ ਗਏ। ਸੋਚਣ ਵਾਲੀ ਗੱਲ ਇਹ ਵੀ ਸੀ ਕਿ 4 ਹੀ ਲੁਟੇਰੇ ਸਨ, ਜੋ ਕਰਿੰਦਿਆਂ 'ਤੇ ਭਾਰੂ ਪੈ ਗਏ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬਦਲਿਆ ਫ਼ੈਸਲਾ, ਨਹੀਂ ਹੋਵੇਗਾ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ
ਜ਼ਿਕਰਯੋਗ ਹੈ ਕਿ ਥੋੜ੍ਹੇ ਜਿਹੇ ਸਮੇਂ ਦਰਮਿਆਨ ਹੀ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਵਰਿੰਦਰ ਠੁਕਰਾਲ ਦੇ ਜੋਗੇਵਾਲਾ ਸਥਿਤ ਪੰਪ 'ਤੋਂ 5 ਹਜ਼ਾਰ ਰੁਪਏ ਦੇ ਕਰੀਬ ਤੇਲ ਪਵਾ ਕੇ ਲੁਟੇਰੇ ਫਰਾਰ ਹੋ ਗਏ ਸਨ। ਇਸੇ ਤਰ੍ਹਾਂ ਰਾਮ ਸਰਨ ਦਾਸ ਸਤਪਾਲ ਪੰਪ ਤੋਂ ਪਹਿਲਾਂ ਵੀ ਸਕੂਟਰ ਦੇ ਨੰਬਰ ਵਾਲੇ ਕਾਰ ਸਵਾਰ ਬਦਮਾਸ਼ ਡੀਜ਼ਲ ਤੇ ਪੈਟਰੋਲ ਭਰਵਾ ਕੇ ਫਰਾਰ ਹੋ ਗਏ ਸਨ, ਜਦਕਿ ਕੁਝ ਦਿਨ ਪਹਿਲਾਂ ਪ੍ਰਧਾਨ ਵਿਜੇ ਕਾਲੜਾ ਦੇ ਜ਼ੀਰਾ ਰੋਡ ਸਥਿਤ ਪੰਪ ਨੂੰ ਵੀ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਸੀ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਤਰਨਤਾਰਨ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੀ ਹੱਦ ਅਤੇ ਹਰੀਕੇ ਹੈੱਡ ਵਰਕਸ 'ਤੇ ਪੁਲਸ ਦੀ ਮਜ਼ਬੂਤ ਨਾਕਾਬੰਦੀ ਦੇ ਬਾਵਜੂਦ ਹਥਿਆਰਬੰਦ ਸਮਾਜ ਵਿਰੋਧੀ ਅਨਸਰ ਬੇਖੌਫ਼ ਹੋ ਕੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਦੇ ਚੱਲਦਿਆਂ ਕਾਰੋਬਾਰੀਆਂ 'ਚ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜ਼ੀਰਾ 'ਚ ਸ਼ਰਾਬ ਮਿੱਲ ਦੇ ਬਾਹਰ ਕਿਸਾਨਾਂ ਵੱਲੋਂ ਲਾਏ ਧਰਨੇ 'ਚ ਪਹੁੰਚੇ ਖਹਿਰਾ, ਸਮਰਥਨ ਦਿੰਦਿਆਂ ਕਹੀ ਇਹ ਗੱਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।