ਹਥਿਆਰਬੰਦ ਲੋਕਾਂ ਨੇ ਸਰਪੰਚ ਦੇ ਘਰ ਕੀਤੀ ਭੰਨ-ਤੋਡ਼, 8 ਵਿਰੁੱਧ ਮਾਮਲਾ ਦਰਜ

06/20/2019 1:13:06 AM

ਮੋਗਾ, (ਆਜ਼ਾਦ)- ਪਿੰਡ ਰੇਡ਼੍ਹਵਾਂ ਦੇ ਸਰਪੰਚ ਨੂੰ ਪਿੰਡ ’ਚ ਨਸ਼ਾ ਨਾ ਵਿਕਣ ਦੇਣ ਦਾ ਫੈਸਲਾ ਕਰਨਾ ਉਸ ਸਮੇਂ ਮਹਿੰਗਾ ਪਿਆ, ਜਦੋਂ ਕਥਿਤ ਤੌਰ ’ਤੇ ਨਸ਼ਾ ਵੇਚਣ ਵਾਲੇ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਗੁੱਸੇ ’ਚ ਆ ਕੇ ਸਰਪੰਚ ਦੇ ਘਰ ਭੰਨ-ਤੋੜ ਕਰਨ ਦੇ ਇਲਾਵਾ ਇੱਟਾਂ-ਪੱਥਰ ਮਾਰੇ। ਇਸ ਸਬੰਧੀ ਧਰਮਕੋਟ ਪੁਲਸ ਵੱਲੋਂ ਸਰਪੰਚ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਗਗਨਦੀਪ ਸਿੰਘ ਉਰਫ ਗੱਗੂ, ਚਰਨਜੀਤ ਕੌਰ ਉਰਫ ਚੰਨੋ, ਸ਼ਮਸ਼ੇਰ ਸਿੰਘ ਉਰਫ ਸ਼ੇਰੀ, ਬਲਦੇਵ ਸਿੰਘ, ਬਿੱਟੂ, ਛਿੰਦੋ, ਸਰਬਜੀਤ ਸਿੰਘ, ਨਿਰਮਲ ਸਿੰਘ ਸਾਰੇ ਨਿਵਾਸੀ ਪਿੰਡ ਰੇਡ਼੍ਹਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਉੱਚ ਅਧਿਕਾਰੀਆਂ ਵੱਲੋਂ ਪਿੰਡਾਂ ਦੇ ਸਰਪੰਚਾਂ, ਪੰਚਾਂ ਨੂੰ ਵੀ ਨਸ਼ੇ ਦੇ ਸੌਦਾਗਰਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ । ਇਸ ਮੁਹਿੰਮ ਤਹਿਤ ਉਨ੍ਹਾਂ ਵੀ ਆਪਣੇ ਪਿੰਡ ਨੂੰ ਨਸ਼ਾ ਰਹਿਤ ਬਣਾਉਣ ਦਾ ਫੈਸਲਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਪੰਚਾਇਤ ਤੌਰ ’ਤੇ ਇਹ ਮਤਾ ਪਾਇਆ ਕਿ ਉਹ ਪਿੰਡ ’ਚ ਨਸ਼ਾ ਨਹੀਂ ਵਿਕਣ ਦੇਣਗੇ ਪਰ ਕੁੱਝ ਅਜਿਹੇ ਅਨਸਰ, ਜੋ ਨਸ਼ਾ ਵਿਕਰੀ ਕਰਦੇ ਹਨ, ਵੱਲੋਂ ਇਸ ਦਾ ਵਿਰੋਧ ਕੀਤਾ ਗਿਆ , ਉਨ੍ਹਾਂ ਇਕੱਠੇ ਹੋ ਕੇ ਮੇਰੇ ਘਰ ’ਚ ਭੰਨ-ਤੋਡ਼ ਕੀਤੀ, ਜਦੋਂ ਮੈਂ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੇ ਕਥਿਤ ਦੋਸ਼ੀ ਔਰਤ ਚਰਨਜੀਤ ਕੌਰ ਚੰਨੋ ਦੀ ਛੱਤ ’ਤੇ ਜਾ ਕੇ ਸਾਡੇ ਘਰ ਅੰਦਰ ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ’ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਵੀ ਸ਼ਿਕਾਇਤ ਦਿੱਤਾ ਜਾਵੇਗਾ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਉਹ ਮੌਕੇ ’ਤੇ ਪੁੱਜੇ ਅਤੇ ਜਾਂਚ ਕੀਤੀ। ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Bharat Thapa

Content Editor

Related News