Bollywood Star ਅਰਬਾਜ਼ ਖ਼ਾਨ ਨੇ ਭਵਾਨੀਗੜ੍ਹ ਤੋਂ ਕੀਤੀ ਆਪਣੇ ਨਵੇਂ TV ਸ਼ੋਅ ਦੀ ਸ਼ੁਰੂਆਤ

Friday, Apr 03, 2026 - 06:03 PM (IST)

Bollywood Star ਅਰਬਾਜ਼ ਖ਼ਾਨ ਨੇ ਭਵਾਨੀਗੜ੍ਹ ਤੋਂ ਕੀਤੀ ਆਪਣੇ ਨਵੇਂ TV ਸ਼ੋਅ ਦੀ ਸ਼ੁਰੂਆਤ

ਭਵਾਨੀਗੜ੍ਹ (ਕਾਂਸਲ)– ਸਥਾਨਕ ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੈਰੀਟੇਜ ਪਬਲਿਕ ਸਕੂਲ ਵਿਚ ਅੱਜ ਉਸ ਸਮੇਂ ਖਾਸ ਰੌਣਕਾਂ ਦੇਖਣ ਨੂੰ ਮਿਲੀਆਂ, ਜਦੋਂ ਬਾਲੀਵੁੱਡ ਅਦਾਕਾਰ ਅਰਬਾਜ਼ ਖਾਨ ਆਪਣੇ ਨਵੇਂ ਟੀਵੀ ਸ਼ੋਅ “ਪੜ੍ਹੋ, ਜਿੱਤੋ ਬਣੋ ਲੱਖਪਤੀ” ਦੀ ਸ਼ੁਰੂਆਤ ਕਰਨ ਲਈ ਪਹਿਲੀ ਸ਼ੂਟਿੰਗ ਕਰਨ ਲਈ ਅੱਜ ਇਥੇ ਆਪਣੀ ਟੀਮ ਸਮੇਤ ਸਕੂਲ ਵਿੱਚ ਪਹੁੰਚੇ। ਜਾਣਕਾਰੀ ਅਨੁਸਾਰ ਸਕੂਲ ਦੇ ਸਵਰਗੀ ਸ਼੍ਰੀ ਧਰਮਪਾਲ ਮਿੱਤਲ ਆਡੀਟੋਰੀਅਮ ਵਿਚ ਸਕੂਲ ਦੇ ਪ੍ਰਬੰਧਕ ਅਨਿਲ ਮਿੱਤਲ ਅਤੇ ਸ਼੍ਰੀਮਤੀ ਆਸ਼ੀਮਾ ਮਿੱਤਲ ਦੀ ਅਗਵਾਈ ਹੇਠ ਸ਼ੂਟਿੰਗ ਦਾ ਕੰਮ ਜਾਰੀ ਰਿਹਾ। ਇਸ ਦੌਰਾਨ ਸਕੂਲ ਵਿੱਚ ਵਿਦਿਆਰਥੀਆਂ ਅਤੇ ਸਟਾਫ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਅਰਬਾਜ਼ ਖਾਨ ਨੇ ਦੱਸਿਆ ਕਿ ਇਹ ਪ੍ਰੋਗਰਾਮ ਨਾ ਸਿਰਫ ਮਨੋਰੰਜਨ ਪ੍ਰਦਾਨ ਕਰੇਗਾ, ਸਗੋਂ ਸਿੱਖਿਆ ਦੇ ਖੇਤਰ ਵਿਚ ਵੀ ਇਕ ਨਵੀਂ ਦਿਸ਼ਾ ਦੇਣ ਵਾਲਾ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ 'ਚ ਜੇਤੂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੀ ਲੱਖਪਤੀ ਬਣਨ ਦਾ ਵੀ ਮੌਕਾ ਮਿਲੇਗਾ‌। ਜਿਸ ਨਾਲ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਅਤੇ ਸਿੱਖਣ ਦੀ ਲਗਨ ਹੋਰ ਵਧੇਗੀ। ਉਨ੍ਹਾਂ ਹੋਰ ਦੱਸਿਆ ਕਿ ਇਹ ਨਿਵੇਕਲੀ ਪਹਿਲ ਹਾਲੀਵੁੱਡ ਅਦਾਕਾਰਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ ਅਤੇ ਇਸ ਦੀ ਸ਼ੁਰੂਆਤ ਭਵਾਨੀਗੜ੍ਹ ਤੋਂ ਹੋਣਾ ਇਲਾਕੇ ਲਈ ਮਾਣ ਵਾਲੀ ਗੱਲ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਬੰਧਕ ਸ਼੍ਰੀ ਅਨਿਲ ਮਿੱਤਲ ਨੇ ਦੱਸਿਆ ਕਿ ਬਾਲੀਵੁੱਡ ਅਦਾਕਾਰ ਅਰਬਾਜ਼ ਖਾਨ ਵੱਲੋਂ  ਪ੍ਰਸਿੱਧ ਬਾਲੀਵੁੱਡ ਅਭਿਨੇਤਾ ਤੇ ਸਦੀ ਦੇ ਨਾਇਕ ਅਮਿਤਾਭ ਬੱਚਨ ਦੇ 'ਕੌਣ ਬਣੇਗਾ ਕਰੋੜਪਤੀ' ਸ਼ੋਅ ਦੀ ਤਰਜ ਦੇ ਉੱਪਰ ਤਿਆਰ ਕੀਤਾ ਜਾ ਰਿਹਾ ਇਹ ਨਵਾਂ ਸ਼ੋਅ 'ਪੜੋ ਜੀਤੋ ਬਣੋ ਲਖਪਤੀ' ਪੂਰੇ ਭਾਰਤ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਹੀ ਸੂਟ ਕੀਤਾ ਜਾਵੇਗਾ। ਜਿਸ ਵਿੱਚ ਕੇਵਲ ਵਿਦਿਆਰਥੀ ਹੀ ਭਾਗ ਲੈ ਸਕਣਗੇ। ਉਹਨਾਂ ਕਿਹਾ ਕਿ ਇਹ ਸ਼ੋਅ ਆਪਣੇ ਲੈਵਲ ਦਾ ਇੱਕ ਬਹੁਤ ਵੱਡਾ ਵਿਦਿਅਕ ਸ਼ੋਅ ਸਾਬਤ ਹੋਏਗਾ ਅਤੇ ਵਿਦਿਆ ਦੇ ਖੇਤਰ ਨੂੰ ਹੋਰ ਪ੍ਰਫੁਲਿਤ ਕਰਨ ਲਈ ਇਸ ਨਾਲ ਇੱਕ ਵੱਡਾ ਹੁੰਗਾਰਾ ਮਿਲੇਗਾ।

ਇਸ ਦੌਰਾਨ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਵੱਲੋਂ ਟੀਮ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਵੀ ਸ਼ੂਟਿੰਗ ਵਿਚ ਬੜੇ ਚਾਵਾਂ ਨਾਲ ਭਾਗ ਲਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੇ ਅਧਿਆਪਕਾਂ ਵੱਲੋਂ ਅਦਾਕਾਰ ਅਰਬਾਜ਼ ਖਾਨ ਨਾਲ ਖੂਬ ਸੈਲਫੀਆਂ ਵੀ ਲਈਆਂ ਗਈਆਂ।


author

Anmol Tagra

Content Editor

Related News