ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ 4 ਨੂੰ

Thursday, Apr 30, 2026 - 01:33 PM (IST)

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ 4 ਨੂੰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਨੇ ਦੱਸਿਆ ਕਿ ਸੂਬਾ ਕਮੇਟੀ ਅਤੇ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਉਲੀਕੀ ਗਈ ਸੰਘਰਸ਼ ਦੀ ਰੂਪਰੇਖਾ ਅਨੁਸਾਰ 4 ਮਈ ਨੂੰ ਹਲਕਾ ਵਿਧਾਇਕ ਦੇ ਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੋਣਾਂ ਵੇਲੇ ਕੀਤੇ ਵਾਅਦੇ ਅਨੁਸਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣ-ਭੱਤਾ ਦੁੱਗਣਾ ਕੀਤਾ ਜਾਵੇ। ਇਸ ਤੋਂ ਇਲਾਵਾ ਹੋਰ ਮੁੱਖ ਮੰਗਾਂ ਹਨ ਕਿ ਆਂਗਣਵਾੜੀ ਕੇਂਦਰਾਂ ਵਿਚੋਂ ਖੋਹੇ ਗਏ ਬੱਚੇ ਮੁੜ ਆਂਗਣਵਾੜੀਆਂ ਵਿਚ ਭੇਜੇ ਜਾਣ। ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਪਿਛਲੇ ਸਮੇਂ ਵਿਚ ਖ਼ਰੀਦੇ ਗਏ ਸਮਾਰਟ ਫ਼ੋਨ ਤੁਰੰਤ ਵਰਕਰਾਂ ਨੂੰ ਵੰਡੇ ਜਾਣ। 

‘ਮਾਵਾਂ ਧੀਆਂ ਸਤਿਕਾਰਯੋਗ ਯੋਜਨਾ’ ਵਿਚ ਕੰਮ ਕਰਨ ਬਦਲੇ ਵਰਕਰਾਂ ਨੂੰ 200 ਰੁਪਏ ਅਤੇ ਹੈਲਪਰਾਂ ਨੂੰ 100 ਰੁਪਏ ਦਿੱਤੇ ਜਾਣ। ਆਰਥਿਕ ਜਨਗਣਨਾ ਅਤੇ ਡਰੱਗ ਜਨਗਣਨਾ ਵਰਗੇ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ। ਐੱਨ.ਜੀ.ਓ. ਅਧੀਨ ਚੱਲ ਰਹੇ ਬਲਾਕਾਂ ਨੂੰ ਵਾਪਸ ਲੈਣ ਦਾ ਨੋਟੀਫਿਕੇਸ਼ਨ ਤੁਰੰਤ ਲਾਗੂ ਕੀਤਾ ਜਾਵੇ। ਬਲਾਕ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ 4 ਮਈ ਨੂੰ ਵਿਧਾਇਕ ਦੇ ਘਰ ਅੱਗੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੀਆਂ।


author

Gurminder Singh

Content Editor

Related News