ਹਾਈ ਕੋਰਟ ਵੱਲੋਂ ਭਾਜਪਾ ਆਗੂ ਸ਼ੀਤਲ ਸਿੰਗਲਾ ਦੇ ਨਾਮਜ਼ਦਗੀ ਪੱਤਰਾਂ ਦੀ ਮੁੜ ਜਾਂਚ ਦੇ ਹੁਕਮ
Tuesday, May 19, 2026 - 06:25 PM (IST)
ਜੈਤੋ (ਰਘੂਨੰਦਨ ਪ੍ਰਾਸ਼ਰ) : ਸਥਾਨਕ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 14 ਤੋਂ ਭਾਜਪਾ ਉਮੀਦਵਾਰ ਸ਼ੀਤਲ ਸਿੰਗਲਾ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਹਦਾਇਤ ਕੀਤੀ ਹੈ ਕਿ ਸ਼ੀਤਲ ਸਿੰਗਲਾ ਦੇ ਨਾਮਜ਼ਦਗੀ ਫਾਰਮਾਂ ਦੀ ਮੁੜ ਜਾਂਚ ਕੀਤੀ ਜਾਵੇ। ਦੱਸਣਯੋਗ ਹੈ ਕਿ ਸ਼ੀਤਲ ਸਿੰਗਲਾ ਜੋ ਕਿ ਜੈਤੋ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਪ੍ਰਦੀਪ ਸਿੰਗਲਾ ਦੀ ਪਤਨੀ ਹਨ, ਦੇ ਨਾਮਜ਼ਦਗੀ ਪੱਤਰ ਬੀਤੇ ਦਿਨੀਂ ਪ੍ਰਸ਼ਾਸਨ ਵੱਲੋਂ ਰੱਦ ਕਰ ਦਿੱਤੇ ਗਏ ਸਨ। ਸ਼ੀਤਲ ਸਿੰਗਲਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਫਾਰਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਬਾਅ ਹੇਠ ਜਾਣਬੁੱਝ ਕੇ ਰੱਦ ਕੀਤੇ ਗਏ ਹਨ।
ਉਨ੍ਹਾਂ ਅਨੁਸਾਰ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਹੈ ਕਿਉਂਕਿ ਜੋ ਇਤਰਾਜ਼ ਉਨ੍ਹਾਂ 'ਤੇ ਲਾਏ ਗਏ ਸਨ, ਉਹ 'ਆਪ' ਦੇ ਕਈ ਉਮੀਦਵਾਰਾਂ 'ਤੇ ਵੀ ਲਾਗੂ ਹੁੰਦੇ ਸਨ ਪਰ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਨਹੀਂ ਕੀਤੇ ਗਏ। ਇਸ ਫੈਸਲੇ ਤੋਂ ਬਾਅਦ ਭਾਜਪਾ ਨੇਤਰੀ ਨੇ ਉਮੀਦ ਜਤਾਈ ਕਿ ਜੇਕਰ ਜਾਂਚ ਸਹੀ ਰਹੀ ਤਾਂ ਵਾਰਡ ਨੰਬਰ 14 ਦੇ ਹਰ ਨਾਗਰਿਕ ਨੂੰ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਤੀ ਪ੍ਰਦੀਪ ਸਿੰਗਲਾ ਵੀ ਵਾਰਡ ਨੰਬਰ 12 ਤੋਂ ਚੋਣ ਲੜ ਰਹੇ ਹਨ।
