ਕਹਿਰ ਓ ਮਾਲਕਾ ! ਪਿਓ ਦੀ ਝਿੜਕ 'ਤੇ ਪੁੱਤ ਨੇ ਸਰਹਿੰਦ ਫੀਡਰ 'ਚ ਮਾਰੀ ਛਾਲ, ਬਚਾਉਣ ਗਿਆ ਪਿਓ ਵੀ ਰੁੜ੍ਹਿਆ

Wednesday, May 20, 2026 - 06:31 PM (IST)

ਕਹਿਰ ਓ ਮਾਲਕਾ ! ਪਿਓ ਦੀ ਝਿੜਕ 'ਤੇ ਪੁੱਤ ਨੇ ਸਰਹਿੰਦ ਫੀਡਰ 'ਚ ਮਾਰੀ ਛਾਲ, ਬਚਾਉਣ ਗਿਆ ਪਿਓ ਵੀ ਰੁੜ੍ਹਿਆ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ’ਚ ਬੁੱਧਵਾਰ ਸਵੇਰੇ ਇਕ ਦਰਦਨਾਕ ਘਟਨਾ ਵਾਪਰ ਗਈ। ਥਾਣਾ ਸਿਟੀ ਦੇ ਸਾਹਮਣੇ ਸਬਜ਼ੀ ਮੰਡੀ ’ਚ ਰੇਹੜੀ ਲਗਾਉਣ ਵਾਲੇ ਪਿਓ-ਪੁੱਤ ਵਿਚਕਾਰ ਹੋਏ ਝਗੜੇ ਤੋਂ ਬਾਅਦ ਪੁੱਤ ਨੇ ਗੁੱਸੇ ’ਚ ਸਰਹਿੰਦ ਫੀਡਰ ਨਹਿਰ ’ਚ ਛਾਲ ਮਾਰ ਦਿੱਤੀ। ਪੁੱਤ ਨੂੰ ਡੁੱਬਦਾ ਦੇਖ ਪਿਓ ਨੇ ਵੀ ਉਸ ਨੂੰ ਬਚਾਉਣ ਲਈ ਨਹਿਰ ’ਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਤੇਜ਼ ਵਹਾਅ ’ਚ ਦੋਵੇਂ ਲਾਪਤਾ ਹੋ ਗਏ। ਘਟਨਾ ਸਵੇਰੇ ਕਰੀਬ 10 ਵਜੇ ਦੀ ਹੈ। ਲਾਪਤਾ ਪਿਓ-ਪੁੱਤ ਦੀ ਪਛਾਣ ਦਸ਼ਮੇਸ਼ ਨਗਰ ਦੇ ਰਹਿਣ ਵਾਲੇ 25 ਸਾਲਾ ਬੱਗਾ ਸਿੰਘ ਅਤੇ ਉਸ ਦੇ ਪਿਤਾ ਮੱਖਣ ਸਿੰਘ ਵਜੋਂ ਹੋਈ ਹੈ। ਦੋਵੇਂ ਸਬਜ਼ੀ ਮੰਡੀ ’ਚ ਫਲ-ਸਬਜ਼ੀ ਦੀ ਰੇਹੜੀ ਲਗਾਉਂਦੇ ਸਨ। ਪਰਿਵਾਰ ਦੇ ਜਾਣਕਾਰ ਜਗਸੀਰ ਸਿੰਘ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਦੋਵਾਂ ਨੇ ਜ਼ਿਆਦਾ ਮਾਤਰਾ ’ਚ ਫਲ-ਸਬਜ਼ੀ ਖਰੀਦ ਲਈ ਸੀ, ਜੋ ਖਰਾਬ ਨਿਕਲ ਗਈ। ਇਸ ਨਾਲ ਦੋਵਾਂ ਨੂੰ ਆਰਥਿਕ ਨੁਕਸਾਨ ਹੋਇਆ। ਬੁੱਧਵਾਰ ਸਵੇਰੇ ਇਸੇ ਗੱਲ ਨੂੰ ਲੈ ਕੇ ਮੱਖਣ ਸਿੰਘ ਨੇ ਪੁੱਤ ਬੱਗਾ ਸਿੰਘ ਨੂੰ ਝਿੜਕ ਦਿੱਤਾ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ, ਜਲਦ ਹੋ ਸਕਦੈ ਐਲਾਨ

ਝਿੜਕ ਤੋਂ ਨਾਰਾਜ਼ ਹੋ ਕੇ ਬੱਗਾ ਸਿੰਘ ਗੁੱਸੇ ’ਚ ਘਰੋਂ ਨਿਕਲਿਆ ਅਤੇ ਸਿੱਧਾ ਸਰਹਿੰਦ ਫੀਡਰ ਨਹਿਰ ’ਤੇ ਪਹੁੰਚ ਕੇ ਛਾਲ ਮਾਰ ਦਿੱਤੀ। ਪੁੱਤ ਨੂੰ ਡੁੱਬਦਾ ਦੇਖ ਪਿਤਾ ਮੱਖਣ ਸਿੰਘ ਵੀ ਬਿਨਾਂ ਕੁਝ ਸੋਚੇ ਨਹਿਰ ਵਿਚ ਕੁੱਦ ਪਿਆ। ਪ੍ਰਤੱਖਦਰਸ਼ੀਆਂ ਅਨੁਸਾਰ ਨਹਿਰ ’ਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ। ਦੇਖਦੇ ਹੀ ਦੇਖਦੇ ਦੋਵੇਂ ਵਹਾਅ ’ਚ ਰੁੜ ਗਏ ਅਤੇ ਅੱਖਾਂ ਤੋਂ ਓਹਲੇ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਬਰੀਵਾਲਾ ਦੀ ਪੁਲਸ ਮੌਕੇ ’ਤੇ ਪਹੁੰਚੀ। ਹਾਲਾਂਕਿ ਘਟਨਾ ਦੇ ਪੰਜ ਘੰਟੇ ਬਾਅਦ ਵੀ ਨਾ ਤਾਂ ਸਥਾਨਕ ਗੋਤਾਖੋਰਾਂ ਨੇ ਭਾਲ ਸ਼ੁਰੂ ਕੀਤੀ ਸੀ ਅਤੇ ਨਾ ਹੀ ਐੱਨਡੀਆਰਐੱਫ ਦੀ ਟੀਮ ਮੌਕੇ ’ਤੇ ਪਹੁੰਚੀ ਸੀ। ਪਰਿਵਾਰ ਵਾਲੇ ਵੀ ਨਹਿਰ ਦੇ ਕਿਨਾਰੇ ਪਹੁੰਚ ਗਏ ਹਨ। ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਬੱਗਾ ਸਿੰਘ ਵਿਆਹਿਆ ਸੀ ਅਤੇ ਉਸਦਾ ਇੱਕ ਛੋਟਾ ਬੱਚਾ ਵੀ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ 'ਤੇ ਦਰਜ ਹੋਵੇਗੀ ਐੱਫ. ਆਈ. ਆਰ., ਤਨਖ਼ਾਹਾਂ ਰੋਕਣ ਦੇ ਹੁਕਮ

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਹਿਰ ਕਿਨਾਰੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ ਅਤੇ ਰੈਸਕਿਊ ਟੀਮਾਂ ਨੂੰ ਤੁਰੰਤ ਤਾਇਨਾਤ ਕੀਤਾ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਫਿਲਹਾਲ ਪੂਰੇ ਇਲਾਕੇ ’ਚ ਇਸ ਘਟਨਾ ਨੂੰ ਲੈ ਕੇ ਮਾਤਮ ਪਸਰਿਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਸ਼ੁੱਕਰਵਾਰ ਤੋਂ ਗਰਮੀਆਂ ਦੀਆਂ ਛੁੱਟੀਆਂ, ਪੱਤਰ ਹੋਇਆ ਵਾਇਰਲ, ਜਾਣੋ ਪੂਰੀ ਸੱਚਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News